ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਗਲਾਸਗੋ ਕਾਮਨਵੈਲਥ ਗੇਮਜ਼ 2026: Punjab ਦੇ ਵੇਟਲਿਫਟਰ Lovepreet Singh ਨੇ ਜਿੱਤਿਆ ਸਿਲਵਰ ਮੈਡਲ

ਚੰਡੀਗੜ੍ਹ : ਗਲਾਸਗੋ ਕਾਮਨਵੈਲਥ ਗੇਮਜ਼ 2026 ਵਿੱਚ ਪੰਜਾਬ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਆਪਣੇ ਨਾਂ ਕੀਤਾ ਹੈ। ਉਨ੍ਹਾਂ ਨੇ ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣੀ ਤਾਕਤ ਅਤੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਲਵਪ੍ਰੀਤ ਦੀ ਇਸ ਲਾਸਾਨੀ ਪ੍ਰਾਪਤੀ ਨਾਲ ਖੇਡ ਪ੍ਰੇਮੀਆਂ ਅਤੇ ਪੰਜਾਬੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ’ਤੇ ਪੋਸਟ ਪਾਉਂਦਿਆਂ ਲਵਪ੍ਰੀਤ ਸਿੰਘ ਨੂੰ ਇਸ ਵੱਡੀ ਕਾਮਯਾਬੀ ’ਤੇ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਹੈ। ਮੁੱਖ ਮੰਤਰੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਾਡੇ ਖਿਡਾਰੀ ਇਸੇ ਤਰ੍ਹਾਂ ਖੇਡ ਦੇ ਮੈਦਾਨਾਂ ਵਿੱਚ ਜਿੱਤ ਦੇ ਝੰਡੇ ਗੱਡਦੇ ਰਹਿਣ ਅਤੇ ‘ਰੰਗਲੇ ਪੰਜਾਬ’ ਦਾ ਮਾਣ ਵਧਾਉਂਦੇ ਰਹਿਣ। ਉਨ੍ਹਾਂ ਨੇ ਲਵਪ੍ਰੀਤ ਸਿੰਘ ਨੂੰ ਆਉਣ ਵਾਲੇ ਭਵਿੱਖ ਦੇ ਮੁਕਾਬਲਿਆਂ ਲਈ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਸ ਤੋਂ ਪਹਿਲਾਂ ਭਾਰਤ ਨੇ ਕਾਮਨਵੈਲਥ ਗੇਮਜ਼ ਵਿੱਚ ਸਿਰਫ਼ 15 ਮਿੰਟਾਂ ਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਮੈਡਲ ਆਪਣੇ ਨਾਂ ਕੀਤੇ। ਸ਼ੁੱਕਰਵਾਰ ਰਾਤ 8:56 ਵਜੇ ਜੂਡੋ ਖਿਡਾਰੀ ਅਸਮਿਤਾ ਡੇ ਨੇ ਮਹਿਲਾਵਾਂ ਦੀ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਦੀ ਖਿਡਾਰਨ ਹੇਡੀ ਕਵਾਚ ਨੂੰ 2-1 ਨਾਲ ਹਰਾ ਕੇ ਦੇਸ਼ ਲਈ ਪਹਿਲਾ ਗੋਲਡ ਜਿੱਤਿਆ। ਇਸ ਤੋਂ ਤੁਰੰਤ ਬਾਅਦ ਰਾਤ 9:11 ਵਜੇ ਹਰਸ਼ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਆਸਟ੍ਰੇਲੀਆ ਦੇ ਜੇ ਕਾਟਜ਼ ਨੂੰ 10-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਭਾਰਤ ਦੀ ਝੋਲੀ ਵਿੱਚ ਦੂਜਾ ਗੋਲਡ ਮੈਡਲ ਪਾਇਆ।

ਇਨ੍ਹਾਂ ਦੋ ਗੋਲਡ ਮੈਡਲਾਂ ਦੀ ਬਦੌਲਤ ਭਾਰਤ ਹੁਣ ਮੈਡਲ ਸੂਚੀ ਵਿੱਚ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਕੋਲ ਹੁਣ ਕੁੱਲ 19 ਮੈਡਲ ਹੋ ਗਏ ਹਨ, ਜਿਨ੍ਹਾਂ ਵਿੱਚ 5 ਗੋਲਡ, 10 ਸਿਲਵਰ ਅਤੇ 4 ਕਾਂਸੀ ਦੇ ਮੈਡਲ ਸ਼ਾਮਲ ਹਨ। ਖਿਡਾਰੀਆਂ ਦੀ ਇਸ ਬੇਮਿਸਾਲ ਕਾਰਗੁਜ਼ਾਰੀ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਖੇਡ ਪ੍ਰੇਮੀ ਇਨ੍ਹਾਂ ਜਿੱਤਾਂ ਦਾ ਜਸ਼ਨ ਮਾਣ ਰਹੇ ਹਨ।

Share: