ਗਲਾਸਗੋ : ‘ਓਵੋ ਹਾਈਡ੍ਰੋ’ ਸੰਗੀਤ ਅਤੇ ਸਕਾਟਿਸ਼ ਸ਼ਾਨੋ-ਸ਼ੌਕਤ ਦੇ ਰੰਗ ਵਿੱਚ ਰੰਗਿਆ ਗਿਆ, ਕਿਉਂਕਿ 23ਵੀਆਂ ਰਾਸ਼ਟਰਮੰਡਲ ਖੇਡਾਂ ਦੀ ਬਹੁਤ ਹੀ ਜੀਵੰਤ ਇਨਡੋਰ ਤਾਣੇ-ਬਾਣੇ ਨਾਲ ਸ਼ੁਰੂਆਤ ਹੋਈ। ਇਸ ਸਮਾਗਮ ਨੇ ਗਲਾਸਗੋ ਦੀ ਵਿਰਾਸਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਕਿ ਇਸ ਸ਼ਾਨੋ-ਸ਼ੌਕਤ ਵਿੱਚ ਸਥਿਰਤਾ ਦਾ ਸੁਨੇਹਾ ਪਿੱਛੇ ਨਾ ਰਹਿ ਜਾਵੇ।
ਕਿੰਗ ਚਾਰਲਸ ਤੀਜੇ ਨੇ ਉਸ ਸੁਨੇਹੇ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ ਜੋ ਉਨ੍ਹਾਂ ਨੇ ਪਿਛਲੇ ਸਾਲ ਮਾਰਚ ਵਿੱਚ ਬਕਿੰਘਮ ਪੈਲੇਸ ਵਿੱਚ ਕਿੰਗਜ਼ ਬੈਟਨ (ਰਾਜੇ ਦੀ ਮਸ਼ਾਲ) ਵਿੱਚ ਰੱਖਿਆ ਸੀ। ਇਹ ਮਸ਼ਾਲ ਉਦੋਂ ਤੋਂ 500 ਦਿਨਾਂ ਦੀ ਗਲੋਬਲ ਰਿਲੇਅ (ਯਾਤਰਾ) ਦੌਰਾਨ ਸਾਰੇ 74 ਰਾਸ਼ਟਰਮੰਡਲ ਮੈਂਬਰ ਦੇਸ਼ਾਂ ਵਿੱਚੋਂ ਲੰਘੀ। ਵੀਰਵਾਰ ਰਾਤ ਨੂੰ ਕਿੰਗ ਚਾਰਲਸ ਤੀਜੇ ਨੇ ਉਮੀਦ ਨਾਲ ਸਾਂਝੇ ਭਵਿੱਖ ਲਈ ਜੁੜਨ ਦੇ ਵਿਸ਼ੇ ’ਤੇ ਕਿਹਾ, ‘‘ਮੈਨੂੰ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ।’’ ਬਰਤਾਨਵੀ ਸਮਰਾਟ ਨੇ ਕਿਹਾ ਕਿ ਬੈਟਨ ਵਿੱਚ ਇੱਕ ਵਾਧੂ ਸੁਨੇਹਾ ਵੀ ਹੈ, ਜਿਸ ਵਿੱਚ ਸਮੁੰਦਰਾਂ ਅਤੇ ਜਲ ਮਾਰਗਾਂ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਮੁਕਤ ਕਰਨ ਦੇ ਯਤਨਾਂ ਦੀ ਅਪੀਲ ਕੀਤੀ ਗਈ ਹੈ ਜੋ ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ, ‘‘2030 ਤੱਕ ਦੁਨੀਆ ਦੇ 30 ਫ਼ੀਸਦ ਸਮੁੰਦਰ ਦੇ ਪਾਣੀ ਦੀ ਰਾਖੀ ਲਈ ਰਲ਼ ਕੇ ਕੋਸ਼ਿਸ਼ਾਂ ਕਰਨ ਦੀ ਲੋੜ ਹੈ।’’ ਪਹਿਲ ਕਰਦਿਆਂ 74 ਦੇਸ਼ਾਂ ਦੇ ਐਥਲੀਟ ਸ਼ੋਅ ਦੇ ਅੰਤ ਵਿੱਚ ਪਰੇਡ ਕਰਨ ਦੀ ਬਜਾਏ ਸ਼ੁਰੂਆਤ ਵਿੱਚ ਹੀ ਮਾਰਚ ਕਰ ਕੇ ਆਏ। ਭਾਰਤੀ ਦਲ ਦੀ ਅਗਵਾਈ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ ਅਤੇ ਲਵਲੀਨਾ ਬੋਰਗੋਹੇਨ ਨੇ ਕੀਤੀ। ਪੁਰਸ਼ ਐਥਲੀਟਾਂ ਨੇ ਗੂੜ੍ਹੇ ਨੀਲੇ ਸੂਟ ਅਤੇ ਮਹਿਲਾ ਭਾਗੀਦਾਰਾਂ ਨੇ ਸਾੜੀਆਂ ਅਤੇ ਬਲੇਜ਼ਰ ਪਹਿਨੇ ਹੋਏ ਸਨ। ਜਦੋਂ ਭਾਰਤੀ ਦਲ ਪਿੜ ਵਿੱਚ ਦਾਖ਼ਲ ਹੋਇਆ ਤਾਂ ਦਰਸ਼ਕਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਗਿਆ।ਇਸ ਸਮਾਰੋਹ ਵਿੱਚ ਰਵਾਇਤੀ ਗੇਲਿਕ ਵਿਰਾਸਤ ਨੂੰ ਸਮਕਾਲੀ ਪੌਪ, ਰੈਪ ਅਤੇ ਇਲੈਕਟ੍ਰੌਨਿਕ ਪ੍ਰਦਰਸ਼ਨ ਨਾਲ ਮਿਲਾਇਆ ਗਿਆ, ਜਿਸ ਵਿੱਚ ਯੂਨੈਸਕੋ ਸਿਟੀ ਆਫ ਮਿਊਜ਼ਿਕ ਵਜੋਂ ਮਾਨਤਾ ਪ੍ਰਾਪਤ ਸ਼ਹਿਰ ਦੀ ਰਚਨਾਤਮਕ ਪਛਾਣ ਨੂੰ ਉਭਾਰਿਆ ਗਿਆ। ਵਿਸ਼ਾਲ ਖੁੱਲ੍ਹੇ ਆਸਮਾਨ ਹੇਠਲੇ ਸਟੇਡੀਅਮਾਂ ਦੇ ਪ੍ਰੋਗਰਾਮਾਂ ਤੋਂ ਦੂਰ ਹਟਦਿਆਂ, ਪ੍ਰਬੰਧਕਾਂ ਨੇ ਉਦਘਾਟਨੀ ਸਮਾਰੋਹ ਨੂੰ ਪੂਰੀ ਤਰ੍ਹਾਂ 14,300 ਵਿਅਕਤੀਆਂ ਦੀ ਸਮਰੱਥਾ ਵਾਲੇ ਇਨਡੋਰ ਭਵਨ ਦੇ ਅੰਦਰ ਕਰਵਾਇਆ, ਜੋ ਕਿ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।

