ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਮੀਰੀ ਪੀਰੀ ਖਾਲਸਾ ਮਾਰਚ ਦੀ ਆਰੰਭਤਾ ਕੀਤੀ ਗਈ। ਗੁਰਮਤਿ ਰਵਾਇਤਾਂ ਅਤੇ ਪਰੰਪਰਾਵਾਂ ਦੇ ਮੁਤਾਬਕ ਆਰੰਭ ਹੋਇਆ ਇਹ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਤਿੰਨ ਅਗਸਤ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਮੁਕੰਮਲ ਹੋਵੇਗਾ। ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਕੌਮ ਇਸ ਵੇਲੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲਿਆਂ ਤੋਂ ਸੁਚੇਤ ਹੋਵੇ, ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕਰਨ ਲਈ ਇੱਕਜੁੱਟ ਹੋਵੇ ਅਤੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਮੀਰੀ ਪੀਰੀ ਖਾਲਸਾ ਮਾਰਚ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰ ਰਹੇ ਹਨ। ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵੱਖ ਵੱਖ ਸਿੱਖ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸੰਪਰਦਾਵਾਂ ਦੇ ਪ੍ਰਤਿਨਿਧ ਸ਼ਾਮਿਲ ਹਨ। ਪੁਰਾਤਨ ਚੱਲੀ ਆ ਰਹੀ ਪਰੰਪਰਾ ਦੇ ਮੁਤਾਬਿਕ ਖਾਲਸਾ ਮਾਰਚ ਵਿੱਚ ਨਿਹੰਗ ਸਿੰਘਾਂ ਵੱਲੋਂ ਸਜਾਏ ਹੋਏ ਹਾਥੀ, ਘੋੜੇ ਅਤੇ ਊਠ ਵੀ ਸ਼ਾਮਿਲ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਰੀ ਪੀਰੀ ਦਿਵਸ ਦੀ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਵਿੱਖ ਵਿੱਚ ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਜਾਂ ਨਗਰ ਕੀਰਤਨ ਸਜਾਉਣ ਦੇ ਇਸ ਰੁਝਾਨ ਨੂੰ ਜਾਰੀ ਰੱਖਣ ਵਾਸਤੇ ਇਸ ਬੰਦ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋਣ ਅਤੇ ਸਿੱਖ ਕੌਮ ਤੇ ਹੋ ਰਹੇ ਹਮਲਿਆਂ ਦਾ ਡੱਟ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ ਸਮੁੱਚੀ ਕੌਮ ਨੂੰ ਇਸ ਮੀਰੀ ਪੀਰੀ ਖਾਲਸਾ ਮਾਰਚ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ । ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਸਿੱਖ ਸੰਗਤ ਵਿੱਚ ਇੱਕ ਨਵੀਂ ਚੇਤਨਾ ਜਗਾਵੇਗਾ। ਇਸ ਲਈ ਹਰ ਸਿੱਖ ਨੂੰ ਇਸ ਵਿੱਚ ਸ਼ਾਮਿਲ ਹੋ ਕੇ ਲਾਹਾ ਲੈਣਾ ਚਾਹੀਦਾ ਹੈ।
