ਗਲਾਸਗੋ (ਸਕੌਟਲੈਂਡ) : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਰਾਸ਼ਟਰਮੰਡਲ ਖੇਡਾਂ 2026 ਵਿੱਚ ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਸਿੱਧੀ ਜਗ੍ਹਾ (ਬਾਈ) ਮਿਲਣ ਤੋਂ ਬਾਅਦ ਤਗ਼ਮਾ ਪੱਕਾ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਪੋਡੀਅਮ ’ਤੇ ਜਗ੍ਹਾ (ਤਗ਼ਮਾ) ਯਕੀਨੀ ਬਣਾਉਣ ਲਈ ਇੱਕ ਵੀ ਮੁਕਾਬਲਾ ਜਿੱਤਣ ਦੀ ਲੋੜ ਨਹੀਂ ਪਈ। ਓਲੰਪਿਕਸ ਡੌਟ ਕੌਮ ਅਨੁਸਾਰ, ਰਾਸ਼ਟਰਮੰਡਲ ਖੇਡਾਂ ਵਿੱਚ ਮੁੱਕੇਬਾਜ਼ੀ ਦੇ ਹਰੇਕ ਭਾਰ ਵਰਗ ਵਿੱਚ ਦੋ ਕਾਂਸੀ ਦੇ ਤਗ਼ਮੇ ਦਿੱਤੇ ਜਾਂਦੇ ਹਨ, ਜਿਸ ਵਿੱਚ ਸੈਮੀ ਫਾਈਨਲ ਹਾਰਨ ਵਾਲੇ ਦੋਵਾਂ ਖਿਡਾਰੀਆਂ ਨੂੰ ਕਾਂਸੀ ਦਾ ਤਗ਼ਮਾ ਮਿਲਦਾ ਹੈ। ਨਤੀਜੇ ਵਜੋਂ, ਅੰਤਿਮ ਚਾਰ (ਸੈਮੀ ਫਾਈਨਲ) ਵਿੱਚ ਪਹੁੰਚਣ ਨਾਲ ਤਗ਼ਮਾ ਪੱਕਾ ਹੋ ਜਾਂਦਾ ਹੈ। ਮਹਿਲਾਵਾਂ ਦੇ 75 ਕਿਲੋ ਭਾਰ ਵਰਗ ਵਿੱਚ ਸਿਰਫ਼ ਪੰਜ ਮੁੱਕੇਬਾਜ਼ ਹੀ ਸ਼ਾਮਲ ਹਨ, ਜਿਸ ਕਾਰਨ ਲਵਲੀਨਾ ਨੂੰ ਸਿੱਧਾ ਸੈਮੀ ਫਾਈਨਲ ਵਿੱਚ ਦਾਖ਼ਲਾ ਮਿਲਿਆ ਹੈ। ਇਸ ਸ਼੍ਰੇਣੀ ਵਿੱਚ 28 ਜੁਲਾਈ ਨੂੰ ਇੰਗਲੈਂਡ ਦੀ ਮੈਰੀ ਕੇਟ ਸਮਿਥ ਅਤੇ ਨਾਇਜੀਰੀਆ ਦੀ ਪੈਟ੍ਰੀਸ਼ੀਆ ਮਬਾਟਾ ਵਿਚਕਾਰ ਸਿਰਫ਼ ਇੱਕ ਕੁਆਰਟਰ ਫਾਈਨਲ ਮੈਚ ਤੈਅ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਲਵਲੀਨਾ, ਆਸਟਰੇਲੀਆ ਦੀ ਐਮਾ-ਸੂ ਗ੍ਰੀਨਟ੍ਰੀ ਅਤੇ ਤੁਵਾਲੂ ਦੀ ਤਾਰੋਨਾ ਤਾਫਾਕੀ ਸਿੱਧੀਆਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ। ਟੋਕੀਓ 2020 ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਅਤੇ ਸਾਬਕਾ ਵਿਸ਼ਵ ਚੈਂਪੀਅਨ ਲਵਲੀਨਾ 31 ਜੁਲਾਈ ਨੂੰ ਸੈਮੀ ਫਾਈਨਲ ਵਿੱਚ ਤਾਫਾਕੀ ਦਾ ਸਾਹਮਣਾ ਕਰੇਗੀ, ਜਿੱਥੇ ਫਾਈਨਲ ਵਿੱਚ ਪਹੁੰਚਣ ਦਾ ਦਾਅ ਲੱਗਿਆ ਹੋਵੇਗਾ। 28 ਸਾਲਾ ਲਵਲੀਨਾ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਪਹਿਲਾ ਤਗ਼ਮਾ ਹੋਵੇਗਾ, ਭਾਵੇਂ ਇਸ ਦਾ ਰੰਗ ਕੋਈ ਵੀ ਹੋਵੇ। ਓਲੰਪਿਕਸ ਡੌਟ ਕੌਮ ਅਨੁਸਾਰ, ਇਹ ਤਗ਼ਮਾ ਲਵਲੀਨਾ ਦੀਆਂ ਉਨ੍ਹਾਂ ਸਾਰੀਆਂ ਮੁੱਖ ਬਹੁ ਖੇਡਾਂ ਵਿੱਚ ਤਗ਼ਮਿਆਂ ਦੀ ਸੂਚੀ ਨੂੰ ਵੀ ਪੂਰਾ ਕਰ ਦੇਵੇਗਾ ਜਿਨ੍ਹਾਂ ਲਈ ਉਹ ਯੋਗ ਹੈ, ਕਿਉਂਕਿ ਉਹ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਪਹਿਲਾਂ ਹੀ ਤਗ਼ਮੇ ਜਿੱਤ ਚੁੱਕੀ ਹੈ।
ਬਾਕੀ ਮੁੱਕੇਬਾਜ਼ ਕੁਆਰਟਰ ਫਾਈਨਲ ਤੋਂ ਕਰਨਗੇ ਸ਼ੁਰੂਆਤ
ਮੈਦਾਨ ਵਿੱਚ ਨਿੱਤਰਨ ਵਾਲੇ ਹੋਰ ਭਾਰਤੀ ਮੁੱਕੇਬਾਜ਼ਾਂ ਵਿੱਚੋਂ ਕਪਿਲ ਪੋਖਰੀਆ (ਪੁਰਸ਼ 90 ਕਿਲੋ), ਨਰੇਂਦਰ ਬਰਵਾਲ (ਪੁਰਸ਼ +90 ਕਿਲੋ), ਜੈਸਮੀਨ ਲੰਬੋਰੀਆ (ਮਹਿਲਾ 57 ਕਿਲੋ), ਪ੍ਰਿਆ ਘਾਂਗਸ (ਮਹਿਲਾ 60 ਕਿਲੋ), ਪਰਵੀਨ ਹੁੱਡਾ (ਮਹਿਲਾ 65 ਕਿਲੋ) ਅਤੇ ਅਰੁੰਧਤੀ ਚੌਧਰੀ (ਮਹਿਲਾ 70 ਕਿਲੋ) ਆਪਣੀ ਚੁਣੌਤੀ ਦੀ ਸ਼ੁਰੂਆਤ ਕੁਆਰਟਰ ਫਾਈਨਲ ਤੋਂ ਕਰਨਗੇ। ਇੱਕ ਜਿੱਤ ਨਾਲ ਇਨ੍ਹਾਂ ਵਿੱਚੋਂ ਹਰੇਕ ਲਈ ਇੱਕ ਤਗ਼ਮਾ ਯਕੀਨੀ ਹੋ ਜਾਵੇਗਾ।
ਜੂਡੋ ਖਿਡਾਰੀ ਅਰੁਨ ਕੁਮਾਰ ਰਾਸ਼ਟਰਮੰਡਲ ਖੇਡਾਂ ’ਚੋਂ ਬਾਹਰ
ਭਾਰਤੀ ਜੂਡੋ ਖਿਡਾਰੀ ਅਰੁਨ ਕੁਮਾਰ ਨੂੰ ਮੁਕਾਬਲੇ ਤੋਂ ਬਾਹਰ ਡੋਪ ਟੈਸਟ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਗਲਾਸਗੋ ਰਾਸ਼ਟਰਮੰਡਲ ਖੇਡਾਂ ਤੋਂ ਹਟਾ ਲਿਆ ਗਿਆ ਹੈ। 73 ਕਿਲੋ ਭਾਰ ਵਰਗ ਵਿੱਚ ਹਿੱਸਾ ਲੈਣ ਵਾਲੇ ਅਰੁਨ ਨੇ ਪਿਛਲੇ ਮਹੀਨੇ ਕਿੰਗਦਾਓ ਗਰੈਂਡ ਪ੍ਰੀ ਵਿੱਚ ਹਿੱਸਾ ਲਿਆ ਸੀ। ਐਨਾਬੋਲਿਕ ਸਟੀਰੌਇਡ ਦੇ ਟੈਸਟ ਵਿੱਚ ਪਾਜ਼ੇਟਿਵ ਆਉਣ ਤੋਂ ਬਾਅਦ ਕੌਮੀ ਐਂਟੀ-ਡੋਪਿੰਗ ਏਜੰਸੀ (ਨਾਡਾ) ਵੱਲੋਂ ਉਸ ’ਤੇ ਅਸਥਾਈ ਪਾਬੰਦੀ ਲਾਈ ਗਈ ਹੈ। ਫੈਡਰੇਸ਼ਨ ਦੇ ਸੂਤਰ ਨੇ ਦੱਸਿਆ, ‘‘ਮੁਅੱਤਲੀ ਦਾ ਨੋਟੀਫਿਕੇਸ਼ਨ ਆ ਗਿਆ ਹੈ। ਸਾਨੂੰ ਉਸ ਦਾ ਨਾਂ ਵਾਪਸ ਲੈਣਾ ਪਵੇਗਾ।’’ ਜੂਡੋ ਟੀਮ ਨੇ ਗਲਾਸਗੋ ਲਈ ਰਵਾਨਾ ਹੋਣਾ ਹੈ, ਕਿਉਂਕਿ ਇਸ ਖੇਡ ਦੇ ਮੁਕਾਬਲੇ 31 ਜੁਲਾਈ ਤੋਂ ਸ਼ੁਰੂ ਹੋ ਰਹੇ ਹਨ। ਟੀਮ 27 ਜੁਲਾਈ ਨੂੰ ਰਵਾਨਾ ਹੋਣ ਵਾਲੀ ਹੈ।
ਭਾਰਤ ਨੇ ਸ਼ੁਰੂ ਵਿੱਚ 14 ਮੈਂਬਰੀ ਜੂਡੋ ਟੀਮ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਸੱਤ ਪੁਰਸ਼ ਅਤੇ ਸੱਤ ਔਰਤਾਂ ਸ਼ਾਮਲ ਸਨ। ਪੈਰਾ-ਤੈਰਾਕ ਤੇਜਸ ਨੰਦਕੁਮਾਰ ਨੂੰ ਵਰਗੀਕਰਨ ਮਾਪਦੰਡਾਂ ’ਤੇ ਪੂਰਾ ਨਾ ਉਤਰਨ ਕਰ ਕੇ ਹਟਾਏ ਜਾਣ ਤੋਂ ਬਾਅਦ ਹੁਣ ਭਾਰਤੀ ਟੀਮ ਦੀ ਕੁੱਲ ਗਿਣਤੀ 126 ਤੋਂ ਘੱਟ ਕੇ 124 ਰਹਿ ਗਈ ਹੈ। 21 ਸਾਲਾ ਅਰੁਨ ਨੇ ਪਿਛਲੇ ਸਾਲ ਤੈਪਈ ਏਸ਼ੀਅਨ ਓਪਨ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਦੇ ਪਿਛਲੇ ਐਡੀਸ਼ਨ ਵਿੱਚ ਭਾਰਤ ਨੇ ਤਿੰਨ ਤਗ਼ਮੇ ਜਿੱਤੇ ਸਨ। 2022 ਵਿੱਚ ਬਰਮਿੰਘਮ ਗਈ ਛੇ ਮੈਂਬਰੀ ਟੀਮ ਨੇ ਤਿੰਨ ਤਗ਼ਮੇ ਜਿੱਤੇ ਸਨ, ਜਿਨ੍ਹਾਂ ’ਚ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਸ਼ਾਮਲ ਸੀ। ਉਸ ਟੀਮ ਵਿੱਚੋਂ, ਚਾਂਦੀ ਦਾ ਤਗ਼ਮਾ ਜੇਤੂ ਤੁਲਿਕਾ ਮਾਨ +78 ਕਿਲੋ ਭਾਰ ਵਰਗ ਵਿੱਚ ਆਪਣੇ ਤਗ਼ਮੇ ਦਾ ਰੰਗ ਬਦਲਣ (ਸੋਨ ਤਗ਼ਮਾ ਜਿੱਤਣ) ਦਾ ਟੀਚਾ ਰੱਖੇਗੀ। ਗਲਾਸਗੋ ਖੇਡਾਂ ਦੀ ਤਿਆਰੀ ਲਈ ਜੂਡੋ ਖਿਡਾਰੀਆਂ ਨੇ 17 ਜੁਲਾਈ ਤੱਕ ਜਪਾਨ ਦੀ ਸੁਕੁਬਾ ਯੂਨੀਵਰਸਿਟੀ ਵਿੱਚ ਸਿਖਲਾਈ ਲਈ ਹੈ।
ਦਿਲਬਾਗ ਸਿੰਘ ਨੂੰ ਵੇਟਲਿਫਟਿੰਗ ਟੀਮ ’ਚੋਂ ਵਾਪਸ ਲਿਆ
ਗਲਾਸਗੋ: ਕਈ ਡੋਪਿੰਗ ਵਿਰੋਧੀ ਨਿਯਮਾਂ ਦੀਆਂ ਉਲੰਘਣਾਵਾਂ ਕਾਰਨ ਦੇਸ਼ ਦਾ ਕੋਟਾ ਘਟਾਏ ਜਾਣ ਤੋਂ ਬਾਅਦ ਵੇਟਲਿਫਟਰ ਦਿਲਬਾਗ ਸਿੰਘ ਨੂੰ ਭਾਰਤ ਦੇ ਰਾਸ਼ਟਰਮੰਡਲ ਖੇਡਾਂ ਦੇ ਦਸਤੇ ਤੋਂ ਵਾਪਸ ਲੈ ਲਿਆ ਗਿਆ ਹੈ। ਖੇਡਾਂ ਲਈ ਭਾਰਤ ਦਾ ਵੇਟਲਿਫਟਿੰਗ ਕੋਟਾ 16 ਤੋਂ ਘਟਾ ਕੇ 11 ਕਰ ਦਿੱਤਾ ਗਿਆ ਹੈ। ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੇ ਇਸ ਅਹਿਮ ਟੂਰਨਾਮੈਂਟ ਲਈ ਓਲੰਪਿਕ ਚਾਂਦੀ ਤਗ਼ਮਾ ਜੇਤੂ ਮੀਰਾਬਾਈ ਚਾਨੂ ਦੀ ਅਗਵਾਈ ਵਿੱਚ 12 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਕਿ ਉਸ ਨੂੰ ਬੁੱਧਵਾਰ ਨੂੰ ਹੀ ਕੋਟਾ ਘਟਣ ਬਾਰੇ ਸੂਚਿਤ ਕੀਤਾ ਗਿਆ ਹੈ। ਇੱਕ ਪੁਖ਼ਤਾ ਸਰੋਤ ਨੇ ਦੱਸਿਆ, ‘‘ਫੈਡਰੇਸ਼ਨ ਨੂੰ ਕੋਟਾ 12 ਤੋਂ ਘਟਾ ਕੇ 11 ਐਥਲੀਟ ਰਹਿ ਜਾਣ ਬਾਰੇ ਕੱਲ੍ਹ ਹੀ ਪਤਾ ਲੱਗਿਆ, ਕਿਉਂਕਿ ਦਿਲਬਾਗ ਪਿੱਠ ਦੀ ਸੱਟ ਤੋਂ ਪੀੜਤ ਹੈ ਅਤੇ ਉਸ ਨੇ ਬਰਮਿੰਘਮ ਵਿੱਚ ਤਿਆਰੀ ਕੈਂਪ ਦੌਰਾਨ ਬਿਲਕੁਲ ਸਿਖਲਾਈ ਨਹੀਂ ਲਈ, ਇਸ ਲਈ ਉਸ ਨੂੰ ਵਾਪਸ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ।’’ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਐੱਨ ਅਜੀਤ (71 ਕਿਲੋ), ਸਾਈਰਾਜ ਪਰਦੇਸ਼ੀ (88 ਕਿਲੋ) ਅਤੇ ਹਰਚਰਨ ਸਿੰਘ (110 ਕਿਲੋ) ’ਤੇ ਡੋਪਿੰਗ ਕਾਰਨ ਪਾਬੰਦੀ ਲਾਈ ਗਈ ਸੀ।

