ਤੜਕਸਾਰ ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਲੁੱਟਿਆ

ਤੜਕਸਾਰ ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਲੁੱਟਿਆ

ਜਗਰਾਉਂ : ਪੰਜਾਬ ਵਿੱਚ ਦਿਨੋਂ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਰਾਏਕੋਟ ਦੇ ਹੀਰਾ ਸਿੰਘ ਰੋਡ ‘ਤੇ ਸਥਿਤ ਚੋਪੜਾ ਆਯੁਰਵੇਦਿਕ ਸੈਂਟਰ ਵਿਖੇ ਮਰੀਜ਼ ਬਣ ਕੇ ਆਏ ਲੁਟੇਰਿਆਂ ਨੇ ਡਾਕਟਰ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ ‘ਤੇ ਲੁੱਟ ਲਿਆ। ਇਸ ਸਬੰਧੀ ਡਾਕਟਰ ਵਿਜੇ ਕੁਮਾਰ ਚੋਪੜਾ ਨੇ ਦੱਸਿਆ ਕਿ ਉਹ ਸਵੇਰੇ ਕਲੀਨਿਕ ਤੇ ਮੌਜੂਦ ਸਨ। ਸਵੇਰ 7 ਵਜੇ ਦੇ ਕਰੀਬ ਇਕ ਵਿਅਕਤੀ ਆਇਆ ਅਤੇ ਗੁਲੂਕੋਜ਼ ਲਗਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮਰੀਜ਼ ਦਵਾਈ ਲੈਣ ਸਬੰਧੀ ਹਸਪਤਾਲ ਆ ਕੇ ਗਿਆ ਸੀ। ਡਾਕਟਰ ਨੇ ਦੱਸਿਆ ,‘‘ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਮਰੀਜ਼ ਦੇ ਪੰਜ ਹੋਰ ਸਾਥੀ ਅੰਦਰ ਆ ਗਏ ਅਤੇ ਹੱਥੋਪਾਈ ਕਰਦੇ ਇਕ ਕਮਰੇ ਵਿੱਚ ਲੈ ਗਏ। ਇਸ ਦੌਰਾਨ ਵਿਕਅਤੀਆਂ ਨੇ ਮੂੰਹ ਤੇ ਟੇਪ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇੱਕ ਨੇ ਪਿਸਤੌਲ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ।’’

ਡਾਕਟਰ ਵਿਜੇ ਚੋਪੜਾ ਨੇ ਦੱਸਿਆ ਕਿ ਇੱਕ ਲੁਟੇਰੇ ਨੇ ਕਲੀਨਿਕ ਦੇ ਅੰਦਰ ਜਾ ਕੇ ਦਰਾਜ ਵਿੱਚ ਪਏ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਅਤੇ ਉਨ੍ਹਾਂ ਦਾ ਪਰਸ ਲੈ ਲਿਆ। ਡਾਕਟਰ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਘਰ ਵਿੱਚ ਜਾ ਪਤਨੀ ਅਤੇ ਪੁੱਤਰ ਨਾਲ ਹੱਥੋਪਾਈ ਕਰਨ ਉਪਰੰਤ ਫਰਾਰ ਹੋ ਗਏ ਅਤੇ ਆਪਣਾ ਮੋਟਰਸਾਈਕਲ ਉੱਥੇ ਛੱਡ ਗਏ।

ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਅਤੇ ਆਸ ਪਾਸ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਲੁਟਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

Share: