ਲੁਧਿਆਣਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਹਿਰ ਵਿੱਚੋਂ ਕੁੱਝ ਸਮੇਂ ਦੌਰਾਨ ਨੌਂ ਲੜਕੀਆਂ ਦੇ ਅਚਾਨਕ ਲਾਪਤਾ ਹੋ ਜਾਣ ਦੇ ਮਾਮਲੇ ਗੰਭੀਰਤਾ ਨਾਲ ਲਿਆ ਹੈ। ਅਦਾਲਤ ਨੇ ਇਸ ਪੂਰੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਪੂਰੀ ਸਥਿਤੀ ਸਪੱਸ਼ਟ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਜ਼ਿਕਰ ਕੀਤਾ ਕਿ ਲੁਧਿਆਣਾ ਤੋਂ ਕੁੱਝ ਦਿਨ ਪਹਿਲਾਂ ਸਿਰਫ਼ 48 ਘੰਟਿਆਂ ਅੰਦਰ ਨੌਂ ਬੱਚੀਆਂ ਤੇ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਸਖ਼ਤ ਹਦਾਇਤ ਦਿੱਤੀ ਕਿ ਲੁਧਿਆਣਾ ਦੇ ਡੀ ਸੀ ਦਾ ਵਿਸ਼ੇਸ਼ ਹਲਫ਼ਨਾਮਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸ ਵਿੱਚ ਮੀਡੀਆ ਰਿਪੋਰਟਾਂ ਵਿੱਚ ਚੁੱਕੇ ਗਏ ਨੁਕਤਿਆਂ ਅਤੇ ਪੁਲੀਸ ਵੱਲੋਂ ਹੁਣ ਤੱਕ ਚੁੱਕੇ ਗਏ ਕਦਮਾਂ ਦੀ ਪੂਰੀ ਜਾਣਕਾਰੀ ਦਰਜ ਹੋਣੀ ਚਾਹੀਦੀ ਹੈ। ਅਦਾਲਤ ਨੇ ਇਹ ਹਲਫ਼ਨਾਮਾ 10 ਦਿਨਾਂ ਦੇ ਅੰਦਰ ਦਾਖ਼ਲ ਕਰਨ ਲਈ ਕਿਹਾ ਹੈ, ਜਦਕਿ ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਤੈਅ ਕੀਤੀ ਗਈ ਹੈ। ਮਈ ਦੇ ਅਖੀਰ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਲਗਾਤਾਰ ਦੋ ਦਿਨਾਂ ਅੰਦਰ ਨੌਂ ਲੜਕੀਆਂ ਲਾਪਤਾ ਹੋ ਗਈਆਂ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਮਾਮਲੇ ਜਮਾਲਪੁਰ ਅਤੇ ਇਸ ਦੇ ਨੇੜਲੇ ਥਾਣਿਆਂ ਦੇ ਇਲਾਕਿਆਂ ਨਾਲ ਸਬੰਧਤ ਸਨ।
ਮਾਮਲੇ ਦੀ ਜਾਂਚ ਜਾਰੀ: ਡੀ ਸੀ
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਆਖਿਆ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾ ਰਹੀ ਹੈ। ਉਹ ਖ਼ੁਦ ਇਸ ਕੇਸ ਦੇ ਹਰ ਪਹਿਲੂ ’ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਪੂਰੀ ਸੱਚਾਈ ਸਾਹਮਣੇ ਆ ਸਕੇ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

