US-Iran Conflict: ਇਰਾਨ ਨੇ ਹਰਮੁਜ਼ ਜਲ ਮਾਰਗ ’ਚ ਟੈਂਕਰ ’ਤੇ ਹਮਲਾ ਕੀਤਾ

US-Iran Conflict: ਇਰਾਨ ਨੇ ਹਰਮੁਜ਼ ਜਲ ਮਾਰਗ ’ਚ ਟੈਂਕਰ ’ਤੇ ਹਮਲਾ ਕੀਤਾ

ਦੁਬਈ : ਇਰਾਨ ਨੇ ਅੱਜ ਤੜਕੇ ਹਰਮੁਜ਼ ਜਲ ਮਾਰਗ ਵਿੱਚ ਤੇਲ ਟੈਂਕਰ ’ਤੇ ਹਮਲਾ ਕੀਤਾ ਜਿਸ ਕਾਰਨ ਅਮਲੇ ਨੂੰ ਜਹਾਜ਼ ਛੱਡਣਾ ਪਿਆ। ਦੂਜੇ ਪਾਸੇ ਅਮਰੀਕਾ ਵੱਲੋਂ ਇਰਾਨ ’ਤੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਅਮਰੀਕਾ ਦੇ ਲਗਾਤਾਰ 10 ਰਾਤਾਂ ਤੱਕ ਹਵਾਈ ਹਮਲਿਆਂ ਦੇ ਬਾਵਜੂਦ ਤਹਿਰਾਨ ਦਾ ਹਰਮੁਜ਼ ਜਲ ਮਾਰਗ ’ਤੇ ਕੰਟਰੋਲ ਬਰਕਰਾਰ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਪਿਛਲੇ ਮਹੀਨੇ ਹੋਇਆ ਆਰਜ਼ੀ ਸਮਝੌਤਾ ਟੁੱਟ ਚੁੱਕਾ ਹੈ ਤੇ ਹਰਮੁਜ਼ ਜਲ ਮਾਰਗ ਰਾਹੀਂ ਜਹਾਜ਼ਾਂ ਦੀ ਆਵਾਜਾਈ ਵੀ ਲਗਪਗ ਰੁਕੀ ਗਈ ਹੈ। ਦੋਵਾਂ ਧਿਰਾਂ ਵੱਲੋਂ ਆਮ ਨਾਗਰਿਕਾਂ ਲਈ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਅਮਰੀਕੀਆਂ ਲਈ ਨਵੀਂ ਚਿਤਾਵਨੀ ਜਾਰੀ ਕਰਦਿਆਂ ਕਿਹਾ, ‘‘ਇਰਾਨ ਅਤੇ ਇਰਾਨ ਦੇ ਸਮਰਥਕ ਗਰੁੱਪ ਵਿਦੇਸ਼ਾਂ ਜਾਂ ਦੁਨੀਆ ਭਰ ਵਿੱਚ ਅਮਰੀਕਾ ਤੇ ਅਮਰੀਕੀਆਂ ਨਾਲ ਜੁੜੀਆਂ ਥਾਵਾਂ ’ਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।’’ ਇਸ ਦੌਰਾਨ ਅਮਰੀਕੀ ਫ਼ੌਜ ਨੇ ਜੌਰਡਨ ਵਿੱਚ ਹੋਏ ਹਮਲਿਆਂ ਵਿੱਚ ਮਾਰੇ ਗਏ ਦੋ ਸੈਨਿਕਾਂ ਦੀ ਪਛਾਣ ਕਰਨ ਤੋਂ ਇਲਾਵਾ ਸ਼ਨਿਚਰਵਾਰ ਨੂੰ ਇਰਾਕ ’ਚ ਇਰਾਨੀ ਡਰੋਨ ਨਸ਼ਟ ਕਰਨ ਦੌਰਾਨ ਇੱਕ ਹੋਰ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਅਮਰੀਕੀ ਫ਼ੌਜ ਦੀ ਸੈਂਟਰਲ ਕਮਾਂਡ ਨੇ ਅੱਜ ਕਿਹਾ ਕਿ ਉਸ ਨੇ ਇਰਾਨੀ ਸੈਨਿਕ ਕਮਾਂਡ ਸੈਂਟਰਾਂ, ਸਮੁੰਦਰੀ ਸਮਰੱਥਾਵਾਂ, ਮਿਜ਼ਾਈਲ ਅਤੇ ਡਰੋਨ ਲਾਂਚ ਸਾਈਟਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਬੰਬਾਰੀ ਦੀ ਫੁਟੇਜ ਵੀ ਜਾਰੀ ਕੀਤੀ ਹੈ। ਇਸੇ ਦੌਰਾਨ ਇਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਫਾਰਸ, ਹਰਮੁਜ਼ਗਾਨ, ਇਲਾਮ, ਕਰਮਾਨ ਅਤੇ ਸਿਸਤਾਨ-ਬਲੋਚਿਸਤਾਨ ਸੂਬਿਆਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਬਰਤਾਨਵੀ ਫ਼ੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪ੍ਰੇਸ਼ਨਜ਼ ਸੈਂਟਰ ਨੇ ਟੈਂਕਰ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਇਰਾਨ ਦੇ ਨੀਮ-ਸੈਨਿਕ ਰੈਵੋਲਿਊਸ਼ਨਰੀ ਗਾਰਡ ਨੇ ਟੈਂਕਰ ’ਤੇ ਹਮਲੇ ਤੋਂ ਇਲਾਵਾ ਸੋਮਵਾਰ ਨੂੰ ਇਸੇ ਜਲ ਮਾਰਗ ਵਿੱਚ ਜਹਾਜ਼ਾਂ ’ਤੇ ਹੋਏ ਦੋ ਹੋਰ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਹੈ। ਇਰਾਨ ਨੇ ਮੱਧ ਪੂਰਬ ਵਿੱਚ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਜੌਰਡਨ, ਬਹਿਰੀਨ ਤੇ ਕੁਵੈਤ ’ਤੇ ਵੀ ਹਮਲੇ ਕੀਤੇ ਹਨ। ਜੌਰਡਨ ਦੀ ਫ਼ੌਜ ਨੇ ਅੱਜ ਦੱਸਿਆ ਕਿ ਇਰਾਨ ਨੇ ਉਸ ’ਤੇ ਪੰਜ ਡਰੋਨ ਅਤੇ ਤਿੰਨ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ। ਇਰਾਨ ਦੇ ਹਮਲਿਆਂ ਦੌਰਾਨ ਬਹਿਰੀਨ ਵਿੱਚ ਅੱਜ ਦੁਪਹਿਰੇ ਮਿਜ਼ਾਈਲ ਅਲਰਟ ਸਾਇਰਨ ਵਜਾਏ ਗਏ। ਇਸ ਦੌਰਾਨ ਕੁਵੈਤ ਦੇ ਬਿਜਲੀ, ਜਲ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇੇ ਕਿਹਾ ਕਿ ਨੇ ਇਰਾਨ ਨੇ ਮੁਲਕ ਦੇ ਅਹਿਮ ਬਿਜਲੀ ਅਤੇ ਪਾਣੀ ਸੋਧਕ ਪਲਾਂਟ ’ਤੇ ਫਿਰ ਹਮਲਾ ਕੀਤਾ ਹੈ। ਸੋਮਵਾਰ ਰਾਤ ਪਲਾਂਟ ’ਤੇ ਹਮਲੇ ਦੌਰਾਨ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਹੈ।

ਇਰਾਨੀ ਗ੍ਰਹਿ ਮੰਤਰੀ ਦੀ ਮੁਨੀਰ ਨਾਲ ਮੁਲਾਕਾਤ

ਇਸਲਾਮਾਬਾਦ: ਅਮਰੀਕਾ ਅਤੇ ਇਰਾਨ ਵਿਚਾਲੇ ਜੰਗਬੰਦੀ ਸਬੰਧੀ ਹੋਏ ਅੰਤਰਿਮ ਸਮਝੌਤੇ ਅਸਫਲ ਹੋਣ ਮਗਰੋਂ ਇਰਾਨ ਦੇ ਉੱਚ ਅਧਿਕਾਰੀ ਨੇ ਪਾਕਿਸਤਾਨ ਵਿੱਚ ਵਿਚੋਲਿਆਂ ਨਾਲ ਗੱਲਬਾਤ ਸ਼ੁਰੂ ਕੀਤੀ। ਦੋ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਰਾਨ ਦੇ ਗ੍ਰਹਿ ਮੰਤਰੀ ਸਿਕੰਦਰ ਮੋਮਨੀ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਮੁਲਾਕਾਤ ਕੀਤੀ; ਹਾਲਾਂਕਿ ਅਧਿਕਾਰੀਆਂ ਨੇ ਮੀਟਿੰਗ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਸ੍ਰੀ ਮੋਮਨੀ ਨੇ ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਵੀ ਮੁਲਾਕਾਤ ਕੀਤੀ। ਪਾਕਿਸਤਾਨ ਵੱਲੋਂ ਅਮਰੀਕਾ ਤੇ ਇਰਾਨ ਨੂੰ ਗੱਲਬਾਤ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਅਮਰੀਕਾ, ਇਰਾਨ ਨਾਲ ਗੱਲਬਾਤ ਲਈ ਤਿਆਰ ਹੈ ਪਰ ਗੱਲਬਾਤ ਠੋਸ ਹੋਣੀ ਚਾਹੀਦੀ ਹੈ। ਦੂਜੇ ਪਾਸੇ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਰਾਨ ਵੀ ਅਜਿਹੀ ਕੋਈ ਪੇਸ਼ਕਸ਼ ਕਰੇਗਾ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਠੋਸ ਮੰਨਣ।

ਇਰਾਨ ਨਾਲ ਗੱਲਬਾਤ ’ਚ ਦਿਲਚਸਪੀ ਨਹੀਂ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਜੰਗ ਖ਼ਤਮ ਕਰਨ ਲਈ ਸੰਭਾਵੀ ਗੱਲਬਾਤ ਬਾਰੇ ਮੱਠੇ ਸੰਕੇਤ ਦਿੱਤੇ ਹਨ। ਟਰੰਪ ਨੇ ਓਵਲ ਦਫ਼ਤਰ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਹ ਮਿਲਣ ਲਈ ਉਤਸੁਕ ਹਨ ਪਰ ਜਦੋਂ ਤੱਕ ਉਹ ਸਾਰਥਕ ਤਰੀਕੇ ਨਾਲ ਦੇਣ ਲਈ ਤਿਆਰ ਨਹੀਂ ਹੁੰਦੇ, ਉਦੋਂ ਤੱਕ ਸਾਡੀ ਉਨ੍ਹਾਂ ਨੂੰ ਮਿਲਣ ’ਚ ਕੋਈ ਦਿਲਚਸਪੀ ਨਹੀਂ ਹੈ।’’ ਉਨ੍ਹਾਂ ਦੱਸਿਆ ਕਿ ਇਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ‘ਇਸ (ਜੰਗ) ਨੂੰ ਖ਼ਤਮ ਕਰਨ ਲਈ ਮਿਲਣਾ ਚਾਹੁੰਦੇ ਹਨ, ਕਿਉਂਕਿ ਉਹ ਬੁਰੀ ਤਰ੍ਹਾਂ ਬਰਬਾਦ’ ਹੋ ਰਹੇ ਹਨ।

Share: