ਹਾਕੀ ਆਲਮੀ ਕੱਪ ਲਈ ਭਾਰਤੀ ਟੀਮ ਦਾ ਐਲਾਨ

ਹਾਕੀ ਆਲਮੀ ਕੱਪ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ: ਭਾਰਤ ਨੇ ਅਗਲੇ ਮਹੀਨੇ ਹੋਣ ਵਾਲੇ ਐੱਫ ਆਈ ਐੱਚ ਪੁਰਸ਼ ਹਾਕੀ ਆਲਮੀ ਕੱਪ ਲਈ 20 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਸਿੰਘ ਟੀਮ ਦਾ ਕਪਤਾਨ ਹੋਵੇਗਾ ਅਤੇ ਮਨਪ੍ਰੀਤ ਸਿੰਘ ਮਿਡਫੀਲਡ ’ਚ ਅਹਿਮ ਭੂਮਿਕਾ ਨਿਭਾਏਗਾ। ਪ੍ਰੋ ਲੀਗ ਦਾ ਯੂਰੋਪ ਗੇੜ ਖੇਡਣ ਵਾਲੇ ਅਮਨਦੀਪ ਲਾਕੜਾ, ਰਾਜ ਕੁਮਾਰ ਪਾਲ, ਰਵੀਚੰਦਰ ਸਿੰਘ ਮੋਇਰੰਗਥਾਮ ਅਤੇ ਸੇਲਵਮ ਕਾਰਤੀ ਨੂੰ ਟੀਮ ਜਗ੍ਹਾ ਨਹੀਂ ਮਿਲੀ।

ਭਾਰਤ ਪਿਛਲੇ ਮਹੀਨੇ ਪ੍ਰੋ ਲੀਗ ਦੇ ਯੂਰੋਪ ਗੇੜ ਤੋਂ ਮਗਰੋਂ ਨੌਂ ਟੀਮਾਂ ਵਿੱਚ ਅੱਠਵੇਂ ਸਥਾਨ ’ਤੇ ਰਿਹਾ ਸੀ। ਚੁਣੀ ਗਈ ਟੀਮ ’ਚ ਹਰਮਨਪ੍ਰੀਤ ਸਿੰਘ (ਕਪਤਾਨ), ਮੋਹਿਤ ਐੱਚ ਐੱਸ ਤੇ ਸੂਰਜ ਕਰਕੇਰਾ (ਗੋਲਕੀਪਰ) ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੈ, ਸੁਮਿਤ, ਯਸ਼ਦੀਪ ਸਿਵਾਚ, ਰਾਜਿੰਦਰ ਸਿੰਘ, ਆਦਿੱਤਿਆ ਅਰਜੁਨ ਲਾਲਾਗੇ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਨੀਲਾਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮਨਦੀਪ ਸਿੰਘ ਅਤੇ ਅਭਿਸ਼ੇਕ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਹਾਕੀ ਟੀਮ ਹੁਣ ਤੱਕ ਸਿਰਫ਼ ਇੱਕ ਵਾਰ 1975 ਵਿੱਚ ਵਿਸ਼ਵ ਕੱਪ ਜਿੱਤ ਸਕੀ ਹੈ। ਪਿਛਲੀ ਵਾਰ ਭੁਬਨੇਸ਼ਵਰ ਵਿੱਚ ਹੋਏ ਹਾਕੀ ਵਿਸ਼ਵ ਕੱਪ -2023 ਵਿੱਚ ਮੇਜ਼ਬਾਨ ਭਾਰਤ ਨੌਵੇਂ ਸਥਾਨ ’ਤੇ ਰਿਹਾ ਸੀ। ਵਿਸ਼ਵ ਕੱਪ-2026 ਲਈ ਭਾਰਤ ਨੂੰ ਪੂਲ-ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਰੱਖਿਆ ਗਿਆ ਹੈ। ਭਾਰਤ ਦੇ ਸਾਰੇ ਪੂਲ ਮੈਚ ਨੈਦਰਲੈਂਡਜ਼ ਦੇ ਐਮਸਟਲਵੀਨ ਵਿੱਚ ਹੋਣਗੇ। ਭਾਰਤ ਦਾ ਪਹਿਲਾ ਮੈਚ 15 ਅਗਸਤ ਨੂੰ ਵੇਲਜ਼ ਨਾਲ, ਦੂਜਾ 17 ਨੂੰ ਇੰਗਲੈਂਡ ਨਾਲ ਤੇ ਤੀਜਾ 19 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ।

ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, ‘‘ਇਹ ਕਾਫ਼ੀ ਸੰਤੁਲਿਤ ਟੀਮ ਹੈ ਜਿਸ ਵਿੱਚ ਨੌਜਵਾਨਾਂ ਅਤੇ ਤਜਰਬੇਕਾਰ ਖਿਡਾਰੀਆਂ ਦਾ ਸੁਮੇਲ ਹੈ। ਖਿਡਾਰੀਆਂ ਦੀ ਚੋਣ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। 1975 ਤੋਂ ਬਾਅਦ ਭਾਰਤ ਨੇ ਵਿਸ਼ਵ ਕੱਪ ਨਹੀਂ ਜਿੱਤਿਆ ਅਤੇ ਇਹ ਟੀਮ ਭਾਰਤੀ ਹਾਕੀ ਦੇ ਇਤਿਹਾਸ ਦਾ ਨਵਾਂ ਅਧਿਆਏ ਲਿਖਣ ਦਾ ਦਮ ਰੱਖਦੀ ਹੈ।’’

ਭਾਰਤੀ ਹਾਕੀ ਟੀਮ ’ਚ ਪੰਜਾਬ ਦੇ ਅੱਠ ਖਿਡਾਰੀ

ਨੈਦਰਲੈਂਡਜ਼ ਅਤੇ ਬੈਲਜੀਅਮ ’ਚ 15 ਤੋਂ 30 ਅਗਸਤ ਤੱਕ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਚੁਣੀ 20 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਪੰਜਾਬ ਦੇ ਇਨ੍ਹਾਂ ਖਿਡਾਰੀਆਂ ’ਚ ਕਪਤਾਨ ਹਰਮਨਪ੍ਰੀਤ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ’ਚੋਂ ਮਨਪ੍ਰੀਤ, ਹਾਰਦਿਕ, ਮਨਦੀਪ ਤੇ ਸੁਖਜੀਤ ਜਲੰਧਰ ਨਾਲ ਸਬੰਧ ਰੱਖਦੇ ਹਨ। ਚੁਣੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵੜ ਨੇ ਕਿਹਾ ਕਿ ਪੰਜਾਬ ਨੂੰ ਮਾਣ ਹੈ ਕਿ ਹਰਮਨਪ੍ਰੀਤ ਸਿੰਘ ਫਿਰ ਕੌਮੀ ਟੀਮ ਦੀ ਅਗਵਾਈ ਕਰੇਗਾ ਜਦਕਿ ਮਨਪ੍ਰੀਤ ਸਿੰਘ ਦਾ ਤਜਰਬਾ ਟੀਮ ਲਈ ਅਹਿਮ ਸਾਬਤ ਹੋਵੇਗਾ।

Share: