South Delhi ਦੇ Lodhi Road ‘ਚ ਤਿੰਨ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, ਮਾਂ ਅਤੇ ਦੋ ਧੀਆਂ ਦੀ ਮੌਤ

South Delhi ਦੇ Lodhi Road ‘ਚ ਤਿੰਨ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, ਮਾਂ ਅਤੇ ਦੋ ਧੀਆਂ ਦੀ ਮੌਤ

ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਲੋਧੀ ਰੋਡ ਇਲਾਕੇ ਦੀ ਰਿਹਾਇਸ਼ੀ ਇਮਾਰਤ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਔਰਤ ਅਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸ ਅਤੇ ਪੁਲੀਸ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਸਵੇਰੇ ਕਰੀਬ 10:20 ਵਜੇ ਬੀ ਕੇ ਦੱਤ ਕਲੋਨੀ ਵਿੱਚ ਚਾਵਲਾ ਸਵੀਟਸ ਦੇ ਸਾਹਮਣੇ ਵਾਲੇ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਸਵੇਰੇ 11:10 ਵਜੇ ਅੱਗ ਉੱਤੇ ਕਾਬੂ ਪਾ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਸਥਿਤ ਫਲੈਟ ਵਿੱਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਆਕਾਂਸ਼ਾ (40), ਆਰਾਧਿਆ (12) ਅਤੇ ਮਿਹਿਕਾ (8) ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਕਾਂਸ਼ਾ ਸ਼ਰਮਾ ਸਾਲ 2020 ਤੋਂ ਮਾਨਸਿਕ ਰੋਗ ਦਾ ਇਲਾਜ ਕਰਵਾ ਰਹੀ ਸੀ। ਅਧਿਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਔਰਤ ਦਾ ਪਤੀ ਮੋਹਿਤ ਸ਼ਰਮਾ ਅਤੇ ਪਰਿਵਾਰ ਦੇ ਹੋਰ ਮੈਂਬਰ ਇਮਾਰਤ ਦੀ ਦੂਜੀ ਮੰਜ਼ਿਲ ਉੱਤੇ ਮੌਜੂਦ ਸਨ। ਘਟਨਾ ਵਾਲੀ ਥਾਂ ਦੀ ਜਾਂਚ ਲਈ ਪੁਲੀਸ ਦੀ ਕ੍ਰਾਈਮ ਟੀਮ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫ ਐੱਸ ਐੱਲ) ਦੀ ਟੀਮ ਪੁੱਜ ਗਈ ਹੈ। ਹਾਲਾਂਕਿ ਮੁੱਢਲੀ ਜਾਂਚ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੇ ਸੰਕੇਤ ਨਹੀਂ ਮਿਲੇ, ਪਰ ਪੁਲੀਸ ਹਰ ਪਹਿਲੂ ਤੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਪਾਣੀ ਵਾਲੇ ਟੈਂਡਰ ਸਮੇਤ ਤਿੰਨ ਗੱਡੀਆਂ ਮੌਕੇ ਉੱਤੇ ਭੇਜੀਆਂ ਗਈਆਂ ਸਨ। ਇਮਾਰਤ ਦੀ ਤੀਜੀ ਮੰਜ਼ਿਲ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਕੂਲਿੰਗ ਦਾ ਕੰਮ ਜਾਰੀ ਰੱਖਿਆ ਗਿਆ ਤਾਂ ਜੋ ਕਿਤੇ ਦੁਬਾਰਾ ਅੱਗ ਨਾ ਭੜਕ ਜਾਵੇ।

ਸਿਲੰਡਰ ਧਮਾਕੇ ਮਗਰੋਂ ਅੱਠ ਜਣੇ ਸੁਰੱਖਿਅਤ ਕੱਢੇ

ਦਿੱਲੀ ਦੇ ਹਰੀ ਨਗਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਦੀ ਪਾਰਕਿੰਗ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਗੈਸ ਸਿਲੰਡਰ ਧਮਾਕੇ ਨਾਲ ਫਟ ਗਏ ਅਤੇ ਚਾਰ ਵਾਹਨ ਸੜ ਕੇ ਨੁਕਸਾਨੇ ਗਏ। ਦਿੱਲੀ ਫ਼ਾਇਰ ਸਰਵਿਸ ਦੇ ਸਹਾਇਕ ਮੰਡਲ ਅਫ਼ਸਰ ਰਵਿੰਦਰ ਨਾਥ ਅਨੁਸਾਰ ਅੱਗ ਦੀਆਂ ਲਾਟਾਂ ਵਿੱਚ ਘਿਰੇ ਅੱਠ ਲੋਕਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

Share: