ਨਵੀਂ ਦਿੱਲੀ : ਕਾਂਗਰਸ ਦੇ ਮੈਂਬਰ ਪਾਰਲੀਮੈਂਟ (MPs) ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰੀ ਨਿਵਾਸ 7, ਲੋਕ ਕਲਿਆਣ ਮਾਰਗ ਦੇ ਇੱਕ ਮੁੱਖ ਗੇਟ ’ਤੇ ਦਿੱਤਾ ਗਿਆ ਧਰਨਾ ਭਾਵੇਂ ਦੇਖਣ ਵਾਲਿਆਂ ਨੂੰ ਅਚਾਨਕ ਲੱਗ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਯੋਜਨਾਬੱਧ ਸੀ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੇ. ਸੀ. ਵੇਣੂਗੋਪਾਲ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਐੱਮ.ਪੀ. ਸਭ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੇ 84ਵੇਂ ਜਨਮਦਿਨ ਦੀ ਵਧਾਈ ਦੇਣ ਲਈ ਮੱਧ ਦਿੱਲੀ ਵਿੱਚ ਰਾਜਾਜੀ ਮਾਰਗ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ।
ਇਸ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਅਤੇ ਕਾਂਗਰਸੀ ਆਗੂਆਂ ਦੇ ਕਾਫ਼ਲੇ ਨੇ ਖੜਗੇ ਦੇ ਘਰ ਤੋਂ ਕੁਝ ਹੀ ਮੀਟਰ ਦੀ ਦੂਰੀ ’ਤੇ ਸਥਿਤ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਸ਼ੁਰੂ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਕਾਂਗਰਸੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਮੁੱਖ ਗੇਟ ਦੇ ਬਾਹਰ ਧਰਨਾ ਲਾ ਦਿੱਤਾ। ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਰਾਜਧਾਨੀ ਦੇ ਸਭ ਤੋਂ ਸੁਰੱਖਿਅਤ ਖੇਤਰ ਵਿੱਚ ਇੱਕ ਵੱਡੀ ਸੁਰੱਖਿਆ ਲਾਪ੍ਰਵਾਹੀ ਕਰਾਰ ਦਿੱਤਾ ਹੈ।
ਪੁਲੀਸ ਦੀ ਅਣਗਹਿਲੀ ਅਤੇ ਯੋਜਨਾਬੰਦੀ ਦੀ ਘਾਟ
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਲਿਕਾਰਜੁਨ ਖੜਗੇ ਦੇ ਜਨਮ ਦਿਨ ਕਰਕੇ ਇਲਾਕੇ ਵਿੱਚ ਪਹਿਲਾਂ ਹੀ ਭਾਰੀ ਭੀੜ ਸੀ ਅਤੇ ਰਾਜਾਜੀ ਮਾਰਗ ‘ਤੇ ਕਈ ਵਾਹਨ ਪਾਰਕ ਕੀਤੇ ਹੋਏ ਸਨ। ਪ੍ਰਧਾਨ ਮੰਤਰੀ ਨਿਵਾਸ ਦੇ ਗੇਟ ‘ਤੇ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਕਾਂਗਰਸ ਸੰਸਦ ਮੈਂਬਰਾਂ ਦੇ ਇਸ ਰੋਸ ਮਾਰਚ ਨੇ ਦਿੱਲੀ ਪੁਲੀਸ ਦੇ ਪੂਰੀ ਤਰ੍ਹਾਂ ਹੋਸ਼ ਉਡਾ ਦਿੱਤੇ। ਇਸ ਘਟਨਾ ਤੋਂ ਬਾਅਦ ਦੇਸ਼ ਦੇ ਸਭ ਤੋਂ ਸੁਰੱਖਿਅਤ ਸਥਾਨ 7, ਲੋਕ ਕਲਿਆਣ ਮਾਰਗ ਦੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਹ ਦੇਖਣਾ ਬਾਕੀ ਹੈ ਕਿ ਦਿੱਲੀ ਪੁਲੀਸ ਵੱਲੋਂ ਖੁਦ ਮੰਨੀ ਗਈ ਇਸ ਸੁਰੱਖਿਆ ਖਾਮੀ ਲਈ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ ਜਾਂ ਨਹੀਂ। ਮਿਲੀ ਜਾਣਕਾਰੀ ਮੁਤਾਬਕ ਪੁਲੀਸ ਨੂੰ ਉਮੀਦ ਸੀ ਕਿ ਕਾਂਗਰਸੀ ਆਗੂ ਸੰਸਦ ਭਵਨ ਨੇੜੇ ਵਿਜੇ ਚੌਕ ਵੱਲ ਮਾਰਚ ਕਰਨਗੇ।

