ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ: ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਦੇ ਵਿਸਥਾਰ ਦਾ ਐਲਾਨ

ਅਗਸਤ ਤੋਂ ਸ਼ੁਰੂ ਹੋਣਗੇ 3 ਨਵੇਂ ਧਾਰਮਿਕ ਰੂਟ: ਕੇਜਰੀਵਾਲ ਵੱਲੋਂ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਦੇ ਵਿਸਥਾਰ ਦਾ ਐਲਾਨ

ਤਲਵਾੜਾ : ਇੱਥੇ ਬੀਤੀ ਸ਼ਾਮ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਯੋਜਨਾ ਅਗਸਤ ਮਹੀਨੇ ਤੋਂ ਖਾਟੂ ਸ਼ਿਆਮ ਜੀ-ਸਾਲਾਸਰ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਤੱਕ ਵਿਸਥਾਰ ਕਰਨ ਦਾ ਐਲਾਨ ਕੀਤਾ। ਇਨ੍ਹਾਂ ਤਿੰਨਾਂ ਨਵੇਂ ਰੂਟਾਂ ਲਈ ਰਜਿਸਟਰੇਸ਼ਨ ਅਗਸਤ ਵਿੱਚ ਖੁੱਲੇਗੀ, ਜਿਸ ਤਹਿਤ ਸਰਕਾਰ ਡੇਢ ਲੱਖ ਸ਼ਰਧਾਲੂਆਂ ਨੂੰ ‘ਦਰਸ਼ਨ’ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਡਾ. ਰਾਜ ਕੁਮਾਰ, ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ (ਮੁਕੇਰੀਆਂ) ਸਰਬਜੋਤ ਸਿੰਘ ਸਾਬੀ ਅਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਹਾਜ਼ਰ ਸਨ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, “ਭਗਵੰਤ ਮਾਨ ਸਰਕਾਰ ਦੀ ਮੁਫ਼ਤ ‘ਤੀਰਥ ਯਾਤਰਾ’ ਯੋਜਨਾ ਮੌਜੂਦਾ ਸਮੇਂ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਜਾਂਦੀ ਹੈ, ਜਿਸ ਵਿੱਚ ਏ.ਸੀ. ਬੱਸਾਂ, ਹੋਟਲਾਂ, ਖਾਣੇ ਅਤੇ ਹੋਰ ਪ੍ਰਬੰਧਾਂ ਦਾ ਸਾਰਾ ਖ਼ਰਚਾ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਇਸ ਯੋਜਨਾ ਦਾ ਤਿੰਨ ਨਵੇਂ ਰੂਟਾਂ ਨਾਲ ਵਿਸਥਾਰ ਕੀਤਾ ਗਿਆ ਹੈ।”

ਔਰਤਾਂ ਲਈ ਵਿੱਤੀ ਸਹਾਇਤਾ ਬਾਰੇ ਐਲਾਨ

ਔਰਤਾਂ ਲਈ ਵਿੱਤੀ ਸਹਾਇਤਾ ਬਾਰੇ ਬੋਲਦਿਆਂ ‘ਆਪ’ ਸੁਪਰੀਮੋ ਨੇ ਕਿਹਾ, “ਜਿਨ੍ਹਾਂ ਔਰਤਾਂ ਨੇ ਆਪਣੀ ਰਜਿਸਟਰੇਸ਼ਨ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਖਾਤਿਆਂ ਵਿੱਚ ਪੈਸੇ ਪ੍ਰਾਪਤ ਨਹੀਂ ਕੀਤੇ ਹਨ, ਉਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਇਕੱਠੇ ਮਿਲਣਗੇ। ਪਹਿਲੀ ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 32 ਲੱਖ ਔਰਤਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਸਨ ਅਤੇ ਪਹਿਲੀ ਅਗਸਤ ਨੂੰ 50 ਲੱਖ ਤੋਂ ਵੱਧ ਔਰਤਾਂ ਨੂੰ ਇਹ ਲਾਭ ਮਿਲੇਗਾ।”

ਧਾਰਮਿਕ ਅਸਥਾਨਾਂ ਦਾ ਵਿਕਾਸ ਅਤੇ ਭਜਨ ਸੰਧਿਆ

ਅੰਮ੍ਰਿਤਸਰ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਦਾ ਹਵਾਲਾ ਦਿੰਦੇ ਹੋਏ ‘ਆਪ’ ਮੁਖੀ ਨੇ ਕਿਹਾ ਕਿ ਸਰਕਾਰ ਨੇ ਹੁਣ ਭਗਵਾਨ ਵਾਲਮੀਕਿ ਮੰਦਰ ਦੇ ਨਾਲ ਲੱਗਦੀ ਜਗ੍ਹਾ ‘ਤੇ ਮਾਤਾ ਸੀਤਾ ਅਤੇ ਲਵ ਕੁਸ਼ ਨੂੰ ਸਮਰਪਿਤ ਵਿਸ਼ਾਲ ਅਤੇ ਸ਼ਾਨਦਾਰ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਾਰੇ 22 ਸ਼ਹਿਰਾਂ ਵਿੱਚ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਵਰਗੇ ਭਜਨ ਸੰਧਿਆ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਕਾਲੀ ਮਾਤਾ ਮੰਦਰ ਨੂੰ ਇੱਕ ਵਿਸ਼ਾਲ ਅਤੇ ਸ਼ਾਨਦਾਰ ਮੰਦਰ ਵਜੋਂ ਵਿਕਸਤ ਕਰਨ ਲਈ 80 ਕਰੋੜ ਰੁਪਏ ਖਰਚ ਰਹੇ ਹਨ, ਜੋ 30 ਸਤੰਬਰ ਤੱਕ ਮੁਕੰਮਲ ਹੋ ਜਾਵੇਗਾ।

ਪੰਜਾਬ ‘ਚ ਫਿਰਕੂ ਸਦਭਾਵਨਾ ਅਤੇ ਟੋਲ ਪਲਾਜ਼ਿਆਂ ਬਾਰੇ ਮੁੱਖ ਮੰਤਰੀ ਦਾ ਬਿਆਨ

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਸ ਪਵਿੱਤਰ ਅਸਥਾਨ ‘ਤੇ ਆ ਕੇ ਅਤੇ ਇਸ ਮੁਕੱਦਸ ਸਮਾਗਮ ਵਿੱਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਲੋਕਾਂ ਦਾ ਬੇਅੰਤ ਪਿਆਰ ਅਤੇ ਅਸੀਸਾਂ ਸੂਬਾ ਸਰਕਾਰ ਨੂੰ ਹੋਰ ਵੀ ਵੱਧ ਉਤਸ਼ਾਹ ਅਤੇ ਵਚਨਬੱਧਤਾ ਨਾਲ ਉਨ੍ਹਾਂ ਦੀ ਸੇਵਾ ਕਰਨ ਦਾ ਭਰੋਸਾ ਦਿੰਦੀਆਂ ਹਨ। ਪੰਜਾਬ ਇੱਕ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗਰ ਸਕਦਾ ਹੈ। ਪੰਜਾਬ ਹਮੇਸ਼ਾ ਹੀ ਫਿਰਕੂ ਸਦਭਾਵਨਾ ਦੀ ਭਾਵਨਾ ਰੱਖਣ ਵਾਲਾ ਸੂਬਾ ਰਿਹਾ ਹੈ ਅਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ।

ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕਰ ਦੇਣ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਪਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਲਾਭ ਪੰਜਾਬ ਦੀਆਂ ਲਗਪਗ 97% ਔਰਤਾਂ ਉਠਾ ਰਹੀਆਂ ਹਨ ਅਤੇ ਸੂਬਾ ਸਰਕਾਰ ਨੇ ਬਜਟ ਵਿੱਚ ਇਸ ਲਈ 9,300 ਕਰੋੜ ਰੁਪਏ ਰੱਖੇ ਹਨ।

ਤਲਵਾੜਾ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਦੀ ਤਰਜ਼ ‘ਤੇ ਅਪਗ੍ਰੇਡ ਕਰਨ ਦਾ ਵਾਅਦਾ

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਤਲਵਾੜਾ ਦੇ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ ‘ਤੇ ਅਪਗ੍ਰੇਡ ਕੀਤਾ ਜਾਵੇਗਾ। ਇੱਥੇ ਆਧੁਨਿਕ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਇਸ ਹਸਪਤਾਲ ਵਿੱਚ ਨਵੀਨਤਮ ਡਾਕਟਰੀ ਉਪਕਰਣ ਮੁਹੱਈਆ ਕਰਵਾਏਗੀ ਅਤੇ ਮਾਹਿਰ ਡਾਕਟਰ ਤਾਇਨਾਤ ਕੀਤੇ ਜਾਣਗੇ।

Share: