ਪਠਾਨਕੋਟ : ਪਹਾੜਾਂ ਵਿੱਚ ਲੰਘੀ ਰਾਤ ਭਾਰੀ ਮੀਂਹ ਪੈਣ ਕਾਰਨ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਹੜ੍ਹ ਦੇ ਪਾਣੀ ਦਾ ਪੱਧਰ ਵਧ ਗਿਆ। ਇਹ ਪੱਧਰ ਰਾਤ ਦੋ ਵਜੇ ਵਧਣਾ ਸ਼ੁਰੂ ਹੋਇਆ ਅਤੇ ਸਵੇਰੇ 5 ਵਜੇ ਤੱਕ ਲਗਾਤਾਰ ਵਧਦਾ ਰਿਹਾ। ਪਰ ਬਾਅਦ ਵਿੱਚ ਪਹਾੜਾਂ ਵਿੱਚ ਮੀਂਹ ਰੁਕ ਜਾਣ ਨਾਲ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਂਇਆ, ਜਿਸ ਨਾਲ ਪਠਾਨਕੋਟ ਦੇ ਸੈਲੀ ਖੁੱਲੀਆਂ ਖੇਤਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ-ਜਲੰਧਰ ਰੇਲ ਲਾਈਨ ਦੇ ਚੱਕੀ ਦਰਿਆ ਉਪਰ ਬਣਿਆ ਹੋਇਆ ਪੁਲ ਸੁਰੱਖਿਅਤ ਸੀ। ਜ਼ਿਕਰਯੋਗ ਹੈ ਕਿ ਪਰ ਪਿਛਲੇ ਸਾਲ ਆਏ ਹੜ੍ਹ ਨਾਲ ਪੁਲ ਦੇ ਰੁੜ੍ਹਨ ਦਾ ਖਤਰਾ ਵਧ ਗਿਆ ਸੀ ਜਿਸ ਕਰਕੇ ਉਥੇ ਰੇਲਵੇ ਵਿਭਾਗ ਨੇ ਚੱਕੀ ਦਰਿਆ ਵਿੱਚ ਕਰੀਬ 25 ਕਰੋੜ ਦੀ ਲਾਗਤ ਨਾਲ ਬਚਾਅ ਕਾਰਜ ਕਰਵਾਏ।
ਉੱਥੇ ਬਣਾਈ ਗਈ ਰਿਟੇਨਿੰਗ ਵਾਲ ਦਾ ਪਿਛਲਾ ਹਿੱਸਾ ਖਾਲੀ ਹੋਣ ਕਾਰਨ ਉੱਥੇ ਹੀ ਦਰਿਆ ਨੇ ਢਾਹ ਲਾਈ ਹੋਈ ਸੀ ਜਿਸ ਤੋਂ ਉਕਤ ਰਿਟੇਨਿੰਗ ਦੀਵਾਰ ਵਾਲੇ ਪਾਸੇ ਤੋਂ ਪਾਣੀ ਕਿਸੇ ਵੇਲੇ ਵੀ ਨੁਕਸਾਨ ਕਰ ਸਕਦਾ ਹੈ। ਹਾਲਾਂਕਿ ਇਹ ਮੌਨਸੂਨ ਦੀ ਪਹਿਲੀ ਬਰਸਾਤ ਸੀ ਜੋ ਕਿ ਪਹਾੜੀ ਖੇਤਰ ਵਿਚ ਪਈ ਅੱਗੇ ਲਗਾਤਾਰ ਮੀਂਹ ਪੈਂਦਾ ਹੈ ਤਾਂ ਪਾਣੀ ਹੋਰ ਵਧ ਸਕਦਾ ਹੈ। ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿੱਚ 15-16 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਲੰਘਿਆ। ਪਰ ਪਹਾੜਾਂ ਵਿੱਚ ਬੱਦਲਵਾਈ ਬਣੀ ਹੋਣ ਕਰਕੇ ਅਜੇ ਵੀ ਖਤਰਾ ਟਲਿਆ ਨਹੀਂ।

