ਵਿਨੀਪੈੱਗ : ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਕਾਰਨ ਸਥਾਨਕ ਟੈਕਸ ਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ ਹੈ। ਇੱਕ ਤਾਜ਼ਾ ਖੋਜ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਪਗ 4 ਕਰੋੜ ਡਾਲਰ (39.62 ਮਿਲੀਅਨ ਕੈਨੇਡੀਅਨ ਡਾਲਰ) ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸ ਦਾਤਾ ਵਾਂ ‘ਤੇ ਪਿਆ ਹੈ।
ਸਮਾਜਿਕ-ਆਰਥਿਕ ਮੁੱਦਿਆਂ ‘ਤੇ ਕੰਮ ਕਰਨ ਵਾਲੀ ਸੰਸਥਾ ‘ਸੈਕੰਡ ਸਟਰੀਟ ਡਾਟ ਓਆਰਜੀ’ (SecondStreet.org) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਸਾਲ 2020-21 ਤੋਂ ਲੈ ਕੇ 2024-25 ਦਰਮਿਆਨ ਵੱਡੀ ਗਿਣਤੀ ਵਿੱਚ ਅਜਿਹੇ ਗੈਰ-ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ, ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ।
ਸਰਕਾਰੀ ਅੰਕੜਿਆਂ ਅਨੁਸਾਰ ਗੈਰ-ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ-ਦਰ-ਸਾਲ ਉਤਾਰ-ਚੜ੍ਹਾਅ ਦੇ ਬਾਵਜੂਦ ਚਿੰਤਾਜਨਕ ਪੱਧਰ ‘ਤੇ ਬਣਿਆ ਹੋਇਆ ਹੈ। ਵਿੱਤੀ ਵਰ੍ਹਾ 2020-21 ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021-22 ਵਿੱਚ ਵੱਧ ਕੇ 8.2 ਮਿਲੀਅਨ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਵਿੱਚ ਇਹ ਘਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ 2023-24 ਵਿੱਚ ਇਸ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਅਤੇ ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ। ਹਾਲਾਂਕਿ 2024-25 ਵਿੱਚ ਇਹ ਮੁੜ ਘਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ-ਚੜ੍ਹਾਅ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਲਈ ਗੰਭੀਰ ਚੁਣੌਤੀ ਬਣੇ ਹੋਏ ਹਨ।
ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਕਿਹਾ ਕਿ ਗੈਰ-ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਅਤੇ ਸਥਾਨਕ ਟੈਕਸ ਦਾਤਾਵਾਂ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਵਿੱਚ ਇਲਾਜ ਅਤੇ ਸਰਜਰੀ ਲਈ ਲੰਬੀਆਂ ਉਡੀਕ ਸੂਚੀਆਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ‘ਤੇ ਵਾਧੂ ਵਿੱਤੀ ਬੋਝ ਬਣ ਰਹੀ ਹੈ। ਉਨ੍ਹਾਂ ਦੇ ਅਨੁਸਾਰ ਜੇ ਇਹ ਕਰੀਬ 4 ਕਰੋੜ ਡਾਲਰ ਦੀ ਰਕਮ ਵਸੂਲ ਹੋ ਜਾਂਦੀ, ਤਾਂ ਸੂਬੇ ਦੇ ਲਗਪਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪ੍ਰੇਸ਼ਨ ਸਮੇਂ ਸਿਰ ਕਰਵਾਏ ਜਾ ਸਕਦੇ ਸਨ।
ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ। ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਵਿੱਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫ਼ੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਕੀਤੀ ਜਾਵੇ।
ਮਾਹਰਾਂ ਨੇ ਇਹ ਵੀ ਸਿਫ਼ਾਰਸ਼ ਕੀਤੀ ਹੈ ਕਿ ਜੋ ਗੈਰ-ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਹਨ, ਉਨ੍ਹਾਂ ਦੇ ਕੈਨੇਡਾ ਵਿੱਚ ਮੁੜ ਦਾਖ਼ਲੇ ‘ਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਬਜਟ ਦੀ ਘਾਟ ਅਤੇ ਸਿਹਤ ਕਰਮਚਾਰੀਆਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਹਾਲਾਤ ਵਿੱਚ ਅਦਾਇਗੀ ਤੋਂ ਬਿਨਾਂ ਰਹਿ ਜਾਂਦੇ ਹਸਪਤਾਲੀ ਬਿੱਲ ਮੈਨੀਟੋਬਾ ਦੇ ਸਿਹਤ ਢਾਂਚੇ ‘ਤੇ ਵਾਧੂ ਵਿੱਤੀ ਬੋਝ ਪਾ ਰਹੇ ਹਨ, ਜਿਸ ਦਾ ਅੰਤਿਮ ਭਾਰ ਆਮ ਟੈਕਸ ਦਾਤਾ ਵਾਂ ਨੂੰ ਝੱਲਣਾ ਪੈਂਦਾ ਹੈ।

