ਚੰਡੀਗਡ਼੍ਹ : ਪੰਜਾਬ ਵਿੱਚ ਮੌਨਸੂਨ ਦੀ ਆਮਦ ਨੂੰ 10 ਦਿਨ ਬੀਤਣ ਦੇ ਬਾਵਜੂਦ ਲੋਕ ਮੀਂਹ ਉਡੀਕ ਰਹੇ ਹਨ। ਇਸ ਵਾਰ ਪੰਜਾਬ ਵਿੱਚ ਮੌਨਸੂਨ ਸ਼ੁਰੂਆਤੀ ਦਿਨਾਂ ਵਿੱਚ ਮੱਠਾ ਪੈ ਗਿਆ, ਜਿਸ ਕਰਕੇ ਸੂਬੇ ਵਿੱਚ ਹੁੰਮਸ ਭਰੀ ਗਰਮੀ ਨੇ ਜ਼ੋਰ ਫੜ ਲਿਆ। ਸੂਬੇ ਵਿੱਚ ਅੱਜ ਤਾਪਮਾਨ 41 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ 19 ਜੁਲਾਈ ਤੋਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਕਿ 19 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਉੱਤਰ ਭਾਰਤ ਵਿੱਚ ਮੌਨਸੂਨ ਮੁੜ ਤੋਂ ਸਰਗਰਮ ਹੋਵੇਗਾ।
ਸੂਬੇ ਵਿੱਚ ਝੋਨੇ ਦੀ ਲਵਾਈ ਲਗਭਗ ਮੁਕੰਮਲ ਹੋਣ ਨੇੜੇ ਹੈ। ਕਿਸਾਨ ਧਰਤੀ ਹੇਠਲੇ ਪਾਣੀ ਜਾਂ ਨਹਿਰੀ ਪਾਣੀ ’ਤੇ ਨਿਰਭਰ ਹਨ। ਪਟਿਆਲਾ ਜ਼ਿਲ੍ਹੇ ਦੇ ਕਿਸਾਨ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੀਂਹ ਨਾ ਪੈਣ ਕਰ ਕੇ ਫ਼ਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਅੱਜ ਫਰੀਦਕੋਟ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜਦਕਿ ਚੰਡੀਗੜ੍ਹ ਵਿੱਚ ਤਾਪਮਾਨ 36.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 34.6 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 36.4 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 37.6 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 35.1 ਡਿਗਰੀ ਸੈਲਸੀਅਸ, ਬਠਿੰਡਾ ਵਿੱਚ 38 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 34.5 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 35 ਡਿਗਰੀ ਸੈਲਸੀਅਸ, ਬਰਨਾਲਾ ਵਿੱਚ 36.9 ਡਿਗਰੀ ਸੈਲਸੀਅਸ, ਫਾਜ਼ਿਲਕਾ ਵਿੱਚ 38.8 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 35.2 ਡਿਗਰੀ ਸੈਲਸੀਅਸ, ਮੋਗਾ ਵਿੱਚ 35.2 ਡਿਗਰੀ ਸੈਲਸੀਅਸ, ਮੁਹਾਲੀ ਵਿੱਚ 36.2 ਡਿਗਰੀ ਸੈਲਸੀਅਸ, ਮੁਕਤਸਰ ਵਿੱਚ 36.4 ਡਿਗਰੀ ਸੈਲਸੀਅਸ, ਰੂਪਨਗਰ ਵਿੱਚ 38.7 ਡਿਗਰੀ ਸੈਲਸੀਅਸ ਅਤੇ ਸੰਗਰੂਰ ਵਿੱਚ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

