ਚਿਰਾਗ ਵੀਰ ਸਿੰਘ ਸਰਾਓ ਬਣਿਆ US Air Force Academy ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

ਚਿਰਾਗ ਵੀਰ ਸਿੰਘ ਸਰਾਓ ਬਣਿਆ US Air Force Academy ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਕੇਸਧਾਰੀ ਸਿੱਖ

ਵਾਸ਼ਿੰਗਟਨ : ਅਮਰੀਕਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਇੱਕ ਬੇਹੱਦ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ‘ਯੂ.ਐੱਸ. ਏਅਰ ਫੋਰਸ ਅਕੈਡਮੀ’ (USAFA) ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣ ਗਏ ਹਨ। ਅਮਰੀਕਨ ਸਿੱਖ ਕੌਂਸਲ ਵੱਲੋਂ ਇਸ ਇਤਿਹਾਸਕ ਪ੍ਰਾਪਤੀ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਕੌਂਸਲ ਮੁਤਾਬਕ, ਚਿਰਾਗ ਵੀਰ ਸਿੰਘ ਨੂੰ 4 ਅਪਰੈਲ ਨੂੰ ਅਕੈਡਮੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਲੰਮੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ‘ਧਾਰਮਿਕ ਛੋਟ’ (Religious Accommodation) ਪ੍ਰਦਾਨ ਕੀਤੀ ਗਈ। ਇਸ ਇਜਾਜ਼ਤ ਤਹਿਤ ਉਹ ਆਪਣੀ ਮੂਲ ਸਿੱਖ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਅਨਕੱਟੇ ਕੇਸ (ਵਾਲ) ਅਤੇ ਦਾੜ੍ਹੇ ਸਣੇ ਆਪਣੇ ਧਾਰਮਿਕ ਚਿੰਨ੍ਹਾਂ ਦੇ ਨਾਲ ਹਵਾਈ ਫੌਜ ਵਿੱਚ ਸੇਵਾ ਨਿਭਾ ਸਕਣਗੇ।

ਛੇ ਹਫ਼ਤਿਆਂ ਦੀ ਸਖ਼ਤ ਸਿਖਲਾਈ ਸ਼ੁਰੂ

ਚਿਰਾਗ ਵੀਰ ਸਿੰਘ ਸਰਾਓ ਅਧਿਕਾਰਤ ਤੌਰ ‘ਤੇ 24 ਜੂਨ ਨੂੰ ਅਕੈਡਮੀ ਦੇ ‘ਇਨ-ਪ੍ਰੋਸੈਸਿੰਗ ਡੇ’ (I-Day) ਮੌਕੇ ਸ਼ਾਮਲ ਹੋਏ ਸਨ ਅਤੇ ਇਸ ਵੇਲੇ ਉਹ ਛੇ ਹਫ਼ਤਿਆਂ ਦੇ ਸਖ਼ਤ ਬੂਟ ਕੈਂਪ (ਮਿਲਟਰੀ ਸਿਖਲਾੀ) ਵਿੱਚੋਂ ਲੰਘ ਰਹੇ ਹਨ। ਦੱਸਣਯੋਗ ਹੈ ਕਿ ਹਵਾਈ ਫੌਜ ਦੀ ਇਸ ਮੁੱਖ ਅਕੈਡਮੀ ਵਿੱਚ ਚੁਣੇ ਜਾਣ ਤੋਂ ਪਹਿਲਾਂ ਚਿਰਾਗ ਨੇ ਆਪਣੀ ਕਾਬਲੀਅਤ ਦੇ ਦਮ ’ਤੇ ਏਅਰ ਫੋਰਸ ਰਿਜ਼ਰਵ ਅਫਸਰਸ ਸਿਖਲਾਈ ਕੋਰ (ROTC) ਅਤੇ ਨੇਵਲ ਆਰ.ਓ.ਟੀ.ਸੀ. ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਮਰੀਕਾ ਦੀਆਂ ਨਾਮੀ ਯੂਨੀਵਰਸਿਟੀਆਂ ਜਿਵੇਂ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਵੀ ਦਾਖ਼ਲੇ ਦੀ ਪੇਸ਼ਕਸ਼ ਮਿਲੀ ਸੀ।

ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਹਨ ਚਿਰਾਗ

ਕੌਂਸਲ ਨੇ ਚਿਰਾਗ ਦੇ ਸ਼ਾਨਦਾਰ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਹ ਪੜ੍ਹਾਈ ਵਿੱਚ ਅਵੱਲ ਰਹਿਣ ਦੇ ਨਾਲ-ਨਾਲ ਇੱਕ ਵਧੀਆ ਖਿਡਾਰੀ ਵੀ ਹਨ। ਉਹ ‘ਈਗਲ ਸਕਾਊਟ’ (ਸਕਾਊਟਿੰਗ ਵਿੱਚ ਸਰਵਉੱਚ ਰੈਂਕ) ਰਹਿ ਚੁੱਕੇ ਹਨ, ਤਾਈਕਵਾਂਡੋ ਵਿੱਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਕੋਲੋਰੈਡੋ ਸਪ੍ਰਿੰਗਜ਼ ਸਥਿਤ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ ਅਮਰੀਕਾ ਦੀਆਂ ਪੰਜ ਸੰਘੀ ਸੇਵਾ ਅਕੈਡਮੀਆਂ ਵਿੱਚੋਂ ਇੱਕ ਹੈ। ਇੱਥੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਸਖ਼ਤ ਮਿਲਟਰੀ ਅਤੇ ਲੀਡਰਸ਼ਿਪ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੋਂ ਗ੍ਰੈਜੂਏਟ ਹੋਣ ਵਾਲੇ ਕੈਡਿਟਾਂ ਨੂੰ ਅਮਰੀਕੀ ਹਵਾਈ ਫੌਜ (US Air Force) ਜਾਂ ਅਮਰੀਕੀ ਸਪੇਸ ਫੌਜ (US Space Force) ਵਿੱਚ ਸਿੱਧੇ ਸੈਕੰਡ ਲੈਫਟੀਨੈਂਟ ਵਜੋਂ ਤਾਇਨਾਤ ਕੀਤਾ ਜਾਂਦਾ ਹੈ।

Share: