ਟੋਰਾਂਟੋ ਦੇ ‘ਸਾਲਸਾ ਮੇਲੇ’ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਸੀ ਨਤੀਜਾ: ਪੁਲੀਸ

ਟੋਰਾਂਟੋ ਦੇ ‘ਸਾਲਸਾ ਮੇਲੇ’ ਵਿੱਚ ਹੋਈ ਗੋਲੀਬਾਰੀ ਆਪਸੀ ਰੰਜਿਸ਼ ਦਾ ਸੀ ਨਤੀਜਾ: ਪੁਲੀਸ

ਵੈਨਕੂਵਰ : ਦੋ ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ (ਸਾਲਸਾ ਫੈਸਟੀਵਲ) ਦੌਰਾਨ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਪੁਲੀਸ ਵੱਲੋਂ ਕਰ ਲਈ ਗਈ ਹੈ। ਟੋਰਾਂਟੋ ਦੇ ਪੁਲੀਸ ਮੁਖੀ ਮਾਈਰੋਨ ਡਾਇਕੀਵ ਨੇ ਦੱਸਿਆ ਕਿ ਜਾਂਚ ਦੌਰਾਨ ਘਟਨਾ ਵਾਲੀ ਥਾਂ ਤੋਂ ਦੋ ਘਾਤਕ ਹਥਿਆਰ ਬਰਾਮਦ ਹੋਏ ਹਨ। ਇਹ ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਵੱਲੋਂ ਵਰਤੇ ਗਏ ਸਨ, ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ ਅਤੇ ਅਚਾਨਕ ਇੱਕ-ਦੂਜੇ ਦੇ ਸਾਹਮਣੇ ਆਉਣ ’ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ।

ਦੋਵਾਂ ਵੱਲੋਂ ਆਪਸ ਵਿੱਚ ਚਲਾਈਆਂ ਗੋਲੀਆਂ ਦੀ ਲਪੇਟ ਵਿੱਚ ਆਉਣ ਕਾਰਨ ਮੇਲੇ ਵਿੱਚ ਮੌਜੂਦ ਕੁਝ ਆਮ ਲੋਕ ਵੀ ਜ਼ਖ਼ਮੀ ਹੋ ਗਏ। ਇਸ ਗੋਲੀਬਾਰੀ ਦੌਰਾਨ ਇੱਕ ਹਮਲਾਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਕੌਨ ਕੁਐਸ਼ੀ (25) ਅਤੇ ਸੀਜ਼ਰ ਵਰਨਜਾ (20) ਵਜੋਂ ਹੋਈ ਹੈ।

ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 26 ਫ਼ੀਸਦੀ ਕਮੀ: ਪੁਲੀਸ ਮੁਖੀ

ਪੁਲੀਸ ਮੁਖੀ ਨੇ ਦੁਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ, ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖ਼ੁਸ਼ੀਆਂ ਨਾਲ ਮਨਾਏ ਜਾ ਰਹੇ ਮੇਲੇ ਦੌਰਾਨ ਹੋਈ, ਜਿਸ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖ਼ਮੀ ਹੋ ਗਏ। ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ, ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ 26 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

Share: