ਬਠਿੰਡਾ : ਤਲਵੰਡੀ ਸਾਬੋ ਦੇ ਚੱਠਾ ਮੁਹੱਲਾ ਵਿੱਚ ਸੋਮਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੇ ਕਮਰੇ ਦੀ ਛੱਤ ਅਚਾਨਕ ਡਿੱਗਣ ਕਾਰਨ ਇੱਕ ਔਰਤ ਅਤੇ ਉਸ ਦੇ ਨਾਬਾਲਗ ਪੁੱਤ ਦੀ ਮੌਤ ਹੋ ਗਈ, ਜਦੋਂਕਿ ਉਸ ਦੀਆਂ ਦੋ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਮਰੇ ਅੰਦਰ ਸੌਂ ਰਹੇ ਸਨ। ਇਹ ਘਟਨਾ ਰਾਤ ਦੇ ਕਰੀਬ 11 ਵਜੇ ਨਗਰ ਕੌਂਸਲ ਦੇ ਇੱਕ ਆਊਟਸੋਰਸਡ (ਕੱਚੇ) ਮੁਲਾਜ਼ਮ ਧਰਮ ਸਿੰਘ ਉਰਫ਼ ਕਾਲਾ ਦੇ ਘਰ ਵਾਪਰੀ। ਮ੍ਰਿਤਕਾਂ ਦੀ ਪਛਾਣ 38 ਸਾਲਾ ਵੀਰਪਾਲ ਕੌਰ ਅਤੇ ਉਸ ਦੇ 14 ਸਾਲਾ ਪੁੱਤਰ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਹੋਈਆਂ ਦੋਵਾਂ ਧੀਆਂ ਸਨਮਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੂੰ ਤੁਰੰਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS), ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ।
ਬਾਹਰ ਸੌਣ ਕਾਰਨ ਬਚੀ ਘਰ ਦੇ ਮੁਖੀ ਦੀ ਜਾਨ
ਪੀੜਤ ਪਰਿਵਾਰ ਦੇ ਗੁਆਂਢੀਆਂ ਦਰਸ਼ਨ ਸਿੰਘ ਅਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ ਦਾ ਮੁਖੀ ਕਾਲਾ ਬਾਹਰ ਸੌਂ ਰਿਹਾ ਸੀ, ਜਦਕਿ ਬਾਕੀ ਪਰਿਵਾਰਕ ਮੈਂਬਰ ਕਮਰੇ ਦੇ ਅੰਦਰ ਸਨ। ਅਚਾਨਕ ਛੱਤ ਡਿੱਗਣ ਕਾਰਨ ਮਾਂ-ਪੁੱਤ ਮਲਬੇ ਹੇਠਾਂ ਦੱਬ ਗਏ ਅਤੇ ਉਨ੍ਹਾਂ ਦੀ ਜਾਨ ਚਲੀ ਗਈ। ਗੁਆਂਢੀਆਂ ਨੇ ਪੀੜਤ ਪਰਿਵਾਰ ਲਈ ਸਰਕਾਰ ਪਾਸੋਂ ਤੁਰੰਤ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਕਿਹਾ, “ ਕਮਰੇ ਦੀ ਛੱਤ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਕੋਲ ਛੱਤ ਦੀ ਮੁਰੰਮਤ ਕਰਵਾਉਣ ਲਈ ਪੈਸੇ ਨਹੀਂ ਸਨ, ਜਿਸ ਕਰਕੇ ਇਹ ਭਿਆਨਕ ਹਾਦਸਾ ਵਾਪਰਿਆ ਹੈ।”

