ਮੈਨੀਟੋਬਾ : ਮੈਨੀਟੋਬਾ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ (MP) ਇੰਕੀ ਮਾਰਕ (78) ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਡੌਫਿਨ ਖੇਤਰ ਸਥਿਤ ਘਰ ’ਤੇ ਛਾਪਾ ਮਾਰ ਕੇ 439 ਹਥਿਆਰ, ਇੱਕ ਪੁਰਾਤਨ ਐਂਟੀਕ ਤੋਪ ਅਤੇ 3 ਲੱਖ ਕੈਨੇਡੀਅਨ ਡਾਲਰ ਨਕਦ ਬਰਾਮਦ ਕੀਤੇ ਹਨ। ਇਹ ਕਾਰਵਾਈ ਮੈਨੀਟੋਬਾ ਦੇ ਹਾਲੀਆ ਇਤਿਹਾਸ ਵਿੱਚ ਹਥਿਆਰਾਂ ਨਾਲ ਜੁੜੇ ਸਭ ਤੋਂ ਵੱਡੇ ਪੁਲੀਸ ਅਪਰੇਸ਼ਨਾਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ।
ਮੈਨੀਟੋਬਾ RCMP ਦੇ ਕਾਰਪੋਰਲ ਬੈਰੀ ਕਿਰਬੀ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ 7 ਜੁਲਾਈ ਨੂੰ ਤਲਾਸ਼ੀ ਵਾਰੰਟ ਦੇ ਆਧਾਰ ’ਤੇ ਡੌਫਿਨ ਇਲਾਕੇ ਵਿੱਚ ਮਾਰਕ ਦੇ ਘਰ ਛਾਪਾ ਮਾਰਿਆ ਗਿਆ ਸੀ। ਬਰਾਮਦ ਕੀਤੇ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ, ਵਰਗੀਕਰਨ ਅਤੇ ਜਾਂਚ ਲਈ ਵਿਸ਼ੇਸ਼ ਮਾਹਿਰ ਟੀਮਾਂ ਨੂੰ ਕਈ ਦਿਨਾਂ ਦਾ ਸਮਾਂ ਲੱਗਿਆ।
ਗੈਰ-ਕਾਨੂੰਨੀ ਤਸਕਰੀ ਅਤੇ ਨਿਯਮਾਂ ਦੀ ਉਲੰਘਣਾ
ਪੁਲੀਸ ਮੁਤਾਬਕ ਛਾਪੇ ਦੌਰਾਨ 439 ਵੱਖ-ਵੱਖ ਕਿਸਮਾਂ ਦੀਆਂ ਰਾਈਫਲਾਂ, ਸ਼ਾਟਗਨ ਤੇ ਹੈਂਡ ਗੰਨ, ਇੱਕ ਪੁਰਾਤਨ ਐਂਟੀਕ ਤੋਪ ਅਤੇ 3 ਲੱਖ ਕੈਨੇਡੀਅਨ ਡਾਲਰ ਨਕਦ ਜ਼ਬਤ ਕੀਤੇ ਗਏ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘੱਟੋ-ਘੱਟ ਤਿੰਨ ਹਥਿਆਰ ਗੈਰ-ਕਾਨੂੰਨੀ ਤਰੀਕੇ ਨਾਲ ਵੇਚੇ ਗਏ ਸਨ, ਜਦੋਂਕਿ ਇੱਕ ਹਥਿਆਰ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਘਰ ਵਿੱਚ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਰੱਖੇ ਹੋਏ ਸਨ, ਜੋ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਹੈ।
ਪੁਲੀਸ ਨੇ ਇੰਕੀ ਮਾਰਕ ਵਿਰੁੱਧ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਇਨ੍ਹਾਂ ਵਿੱਚ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ, ਹਥਿਆਰਾਂ ਦੀ ਲਾਪਰਵਾਹੀ ਨਾਲ ਅਤੇ ਅਸੁਰੱਖਿਅਤ ਸਟੋਰੇਜ, ਬਿਨਾਂ ਅਧਿਕਾਰ ਹਥਿਆਰਾਂ ਅਤੇ ਪਾਬੰਦੀਸ਼ੁਦਾ ਉਪਕਰਨ ਆਪਣੇ ਕਬਜ਼ੇ ਵਿੱਚ ਰੱਖਣਾ ਅਤੇ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਤੇ ਨਕਦੀ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।
ਕਾਰਪੋਰਲ ਕਿਰਬੀ ਨੇ ਕਿਹਾ ਕਿ ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਹਥਿਆਰਾਂ ਦਾ ਸੰਗ੍ਰਹਿ ਕਰਨਾ ਆਪਣੇ ਆਪ ਵਿੱਚ ਗੈਰ-ਕਾਨੂੰਨੀ ਨਹੀਂ ਹੈ, ਪਰ ਜਦੋਂ ਹਥਿਆਰਾਂ ਦੀ ਤਸਕਰੀ ਕੀਤੀ ਜਾਵੇ, ਉਨ੍ਹਾਂ ਦੇ ਸੀਰੀਅਲ ਨੰਬਰ ਮਿਟਾਏ ਜਾਣ ਜਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸੁਰੱਖਿਅਤ ਢੰਗ ਨਾਲ ਨਾ ਰੱਖਿਆ ਜਾਵੇ ਤਾਂ ਇਹ ਗੰਭੀਰ ਅਪਰਾਧ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਹਥਿਆਰ ਸੰਗਠਿਤ ਅਪਰਾਧ ਅਤੇ ਹਿੰਸਕ ਵਾਰਦਾਤਾਂ ਨੂੰ ਵਧਾਵਾ ਦਿੰਦੇ ਹਨ।
ਇਸ ਜਾਂਚ ਦੀ ਸ਼ੁਰੂਆਤ ਇਸ ਸਾਲ ਮਾਰਚ ਮਹੀਨੇ ਵਿੱਚ ਅਮਰੀਕਾ ਵਿੱਚ ਹੋਏ ਇੱਕ ਹਥਿਆਰ ਤਸਕਰੀ ਦੇ ਮਾਮਲੇ ਤੋਂ ਹੋਈ ਸੀ। ਅਮਰੀਕੀ ਅਧਿਕਾਰੀਆਂ ਨੇ ਡੌਫਿਨ ਖੇਤਰ ਨਾਲ ਸਬੰਧਿਤ ਇੱਕ 73 ਸਾਲਾ ਵਿਅਕਤੀ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਮਗਲਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਮਾਮਲੇ ਦੀ ਜਾਂਚ ਦੌਰਾਨ ਕੈਨੇਡੀਅਨ ਪੁਲੀਸ ਨੂੰ ਕੁਝ ਅਜਿਹੇ ਹਥਿਆਰ ਮਿਲੇ ਜੋ ਇੰਕੀ ਮਾਰਕ ਵੱਲੋਂ ਖ਼ਰੀਦੇ ਗਏ ਸਨ ਪਰ ਕਾਨੂੰਨੀ ਤੌਰ ‘ਤੇ ਉਨ੍ਹਾਂ ਦੀ ਮਾਲਕੀ ਤਬਦੀਲ ਨਹੀਂ ਕੀਤੀ ਗਈ ਸੀ। ਇਸ ਸੁਰਾਗ ਦੇ ਆਧਾਰ ‘ਤੇ ਨੈਸ਼ਨਲ ਵੇਪਨਜ਼ ਐਨਫੋਰਸਮੈਂਟ ਸਪੋਰਟ ਟੀਮ (NWEST) ਨੇ ਜਾਂਚ ਅੱਗੇ ਵਧਾਈ ਅਤੇ ਛਾਪੇਮਾਰੀ ਕਰਕੇ ਇਹ ਵੱਡਾ ਭੰਡਾਫੋੜ ਕੀਤਾ।
ਮੈਨੀਟੋਬਾ ਦੀ ਸਿਆਸਤ ਦਾ ਵੱਡਾ ਚਿਹਰਾ ਰਹੇ ਹਨ ਇੰਕੀ ਮਾਰਕ
ਇੰਕੀ ਮਾਰਕ ਮੈਨੀਟੋਬਾ ਦੀ ਸਿਆਸਤ ਦਾ ਜਾਣਿਆ-ਪਛਾਣਿਆ ਨਾਮ ਰਹੇ ਹਨ। ਉਹ 1994 ਤੋਂ 1997 ਤੱਕ ਡੌਫਿਨ ਦੇ ਮੇਅਰ ਰਹੇ ਅਤੇ ਇਸ ਤੋਂ ਬਾਅਦ 1997 ਤੋਂ 2010 ਤੱਕ ਲਗਾਤਾਰ ਡੌਫਿਨ- ਸਵਾਨ ਰਿਵਰ ਹਲਕੇ ਤੋਂ ਸੰਸਦ ਮੈਂਬਰ (MP) ਚੁਣੇ ਜਾਂਦੇ ਰਹੇ। ਆਪਣੇ ਰਾਜਨੀਤਿਕ ਜੀਵਨ ਦੌਰਾਨ ਉਹ ਰਿਫਾਰਮ ਪਾਰਟੀ, ਕੈਨੇਡੀਅਨ ਅਲਾਇੰਸ ਅਤੇ ਕੰਜ਼ਰਵੇਟਿਵ ਪਾਰਟੀ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਹ ਵੀ ਧਿਆਨਯੋਗ ਹੈ ਕਿ 2012 ਵਿੱਚ ਇੰਕੀ ਮਾਰਕ ਨੇ ਇੱਕ ਅਖ਼ਬਾਰ ਨੂੰ ਲਿਖੇ ਪੱਤਰ ਵਿੱਚ ਕੈਨੇਡਾ ਦੇ ਹਥਿਆਰ ਕਾਨੂੰਨਾਂ ਵਿੱਚੋਂ ਬਹੁਤੀਆਂ ਪਾਬੰਦੀਆਂ ਹਟਾਉਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਦੀ ਮੌਜੂਦਾ ਗ੍ਰਿਫ਼ਤਾਰੀ ਤੋਂ ਬਾਅਦ ਉਹ ਬਿਆਨ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪੁਲੀਸ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਸਾਰੇ ਰਿਕਾਰਡ, ਲਾਇਸੈਂਸਾਂ ਅਤੇ ਮਾਲਕੀ ਦਸਤਾਵੇਜ਼ਾਂ ਦੀ ਜਾਂਚ ਵਿੱਚ ਅਜੇ ਕਈ ਹਫ਼ਤੇ ਲੱਗਣਗੇ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਮਾਰਕ ਵਿਰੁੱਧ ਹੋਰ ਦੋਸ਼ ਵੀ ਜੋੜੇ ਜਾ ਸਕਦੇ ਹਨ। ਫਿਲਹਾਲ, ਅਦਾਲਤ ਨੇ ਇੰਕੀ ਮਾਰਕ ਨੂੰ ਸਖ਼ਤ ਸ਼ਰਤਾਂ ਦੇ ਆਧਾਰ ’ਤੇ ਅੰਤਰਿਮ ਰਿਹਾਈ ਦੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਡੌਫਿਨ ਦੀ ਅਦਾਲਤ ਵਿੱਚ ਹੋਵੇਗੀ। ਰਾਜਨੀਤਿਕ ਅਤੇ ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਮੈਨੀਟੋਬਾ ਦੇ ਇਤਿਹਾਸ ਵਿੱਚ ਕਿਸੇ ਸਾਬਕਾ ਸੰਸਦ ਮੈਂਬਰ ਵਿਰੁੱਧ ਹਥਿਆਰਾਂ ਨਾਲ ਸੰਬੰਧਿਤ ਇਹ ਸਭ ਤੋਂ ਗੰਭੀਰ ਅਪਰਾਧਿਕ ਮਾਮਲਿਆਂ ਵਿੱਚੋਂ ਇੱਕ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਪ੍ਰਭਾਵਸ਼ੀਲਤਾ, ਸਗੋਂ ਜਨਤਕ ਅਹੁਦੇ ਸੰਭਾਲ ਚੁੱਕੇ ਵਿਅਕਤੀਆਂ ਦੀ ਜਵਾਬਦੇਹੀ ਬਾਰੇ ਵੀ ਗੰਭੀਰ ਚਰਚਾ ਛੇੜ ਦਿੱਤੀ ਹੈ।

