ਸ੍ਰੀ ਆਨੰਦਪੁਰ ਸਾਹਿਬ : ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਅਗਮਪੁਰ ਸਥਿਤ ਸਰਕਾਰੀ ਆਈ ਟੀ ਆਈ ਦੇ ਪਿਛਲੇ ਪਾਸੇ ਬਣਾਏ ਟੈਂਟ ਸਿਟੀ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ 13 ਟੈਂਟ ਸੜ ਗਏ। ਇਹ ਘਟਨਾ ਵਾਪਰਨ ਸਮੇਂ ਟੈਂਟਾਂ ਵਿੱਚ ਠਹਿਰੇ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਲਈ ਜਾ ਚੁੱਕੇ ਸਨ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ, ਅੱਗ ਕਾਰਨ ਟੈਂਟਾਂ ਅਤੇ ਹੋਰ ਸਾਮਾਨ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਟੈਂਟ ਸਿਟੀ ਵਿੱਚ ਮੌਜੂਦ ਕਰਮਚਾਰੀਆਂ ਨੇ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਪਹਿਲਾਂ ਆਪਣੇ ਪੱਧਰ ਉੱਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ ਪਰ ਉਦੋਂ ਤੱਕ 13 ਟੈਂਟ ਸੜ ਚੁੱਕੇ ਸਨ।
ਡੀ ਸੀ ਵੱਲੋਂ ਛੇ ਮੈਂਬਰੀ ਜਾਂਚ ਕਮੇਟੀ ਕਾਇਮ
ਟੈਂਟ ਸਿਟੀ ਵਿੱਚ ਅੱਗ ਲੱਗਣ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਘਟਨਾ ਦੇ ਕਾਰਨਾਂ ਦੀ ਨਿਰਪੱਖ ਜਾਂਚ ਲਈ ਐੱਸ ਡੀ ਐੱਮ, ਡੀ ਐੱਸ ਪੀ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ, ਪਾਵਰਕੌਮ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕਰਦਿਆਂ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੂੰ ਦੋ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

