ਵੈਨਕੂਵਰ : ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਕਮਿਸ਼ਨਰ ਦੀ ਤਰਫ਼ੋਂ ਪੈਸਫਿਕ ਖੇਤਰ ਦੇ ਫੈਡਰਲ ਮੀਡੀਆ ਵੱਲੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ‘ਅਪਰੇਸ਼ਨ ਹਾਰਡ ਬਾਲ’ ਰਾਹੀਂ ਨਸ਼ਾ ਤਸਕਰੀ, ਹਿੰਸਾ ਅਤੇ ਕਤਲਾਂ ਦੇ ਮਾਮਲਿਆਂ ਵਿੱਚ ਸ਼ਾਮਲ ਵੈਸਟ ਵੈਨਕੂਵਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਦਿਓ (40) ਨੂੰ ਫਰਾਂਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਨੂੰ ਜਲਦ ਹੀ ਅਮਰੀਕਾ ਲਿਆਂਦਾ ਜਾ ਰਿਹਾ ਹੈ, ਜਿੱਥੇ ਉਹ ਸਾਂਝੇ ਜਾਂਚ ਦਲ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਸਾਹਮਣਾ ਕਰੇਗਾ। ਅੱਜ ਜਾਰੀ ਕੀਤੇ ਗਏ ਇਸ ਪ੍ਰੈਸ ਨੋਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸਨੂੰ ਅੰਗਰੇਜ਼ੀ, ਫਰੈਂਚ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਹੈ, ਜੋ ਕਿ ਕੈਨੇਡਾ ਦੀ ਕੇਂਦਰੀ ਪੁਲੀਸ ਵੱਲੋਂ ਪਹਿਲੀ ਵਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਿੰਦਰ ਦਿਓ ਉਸੇ ਪਿੰਦੀ ਦਿਓ ਦੇ ਪਰਿਵਾਰ ਵਿੱਚੋਂ ਹੈ, ਜਿਸ ਦਾ ਨਾਂ ਪੰਜਾਬ ਦੇ ਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗ ਕਾਂਡ ਵਿੱਚ ਸਾਹਮਣੇ ਆਇਆ ਸੀ, ਅਤੇ ਗੁਰਿੰਦਰ ਦੇ ਇੱਕ ਭਰਾ ਸੁੱਖ ਦਿਓ (34) ਦੀ ਕੁਝ ਸਾਲ ਪਹਿਲਾਂ ਟੋਰਾਂਟੋ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਸੂਤਰਾਂ ਅਨੁਸਾਰ ਪੁਲੀਸ ਗੁਰਿੰਦਰ ਦੇ ਦੋ ਭਰਾਵਾਂ ਅਤੇ ਹੋਰ ਨੇੜਲਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਪੁਲੀਸ ਦਾ ਦਾਅਵਾ ਹੈ ਕਿ ਗੁਰਿੰਦਰ ਦਿਓ, ਉਸਦੀ ਪਤਨੀ, ਭੈਣ ਅਤੇ ਜੀਜੇ ਦੀ ਮਾਲਕੀ ਵਾਲੇ 55 ਲੱਖ ਡਾਲਰ ਦੀ ਕੀਮਤ ਦੇ ਤਿੰਨ ਘਰ ਗੈਰ-ਕਾਨੂੰਨੀ ਕਮਾਈ ਨਾਲ ਬਣਾਏ ਗਏ ਹਨ, ਜਿਨ੍ਹਾਂ ਨੂੰ ਸਰਕਾਰੀ ਕਬਜ਼ੇ ਵਿੱਚ ਲਿਆ ਜਾਵੇਗਾ। ਇਸੇ ਕੇਸ ਵਿੱਚ ਫੜੇ ਗਏ ਰਵਿੰਦਰ ਢੰਡਾ, ਜਸਕਰਨ ਬਾਗੜੀ ਅਤੇ ਗੁਰਦੇਵ ਸਮਾਘ ਨੂੰ ਅੱਜ ਬੀ.ਸੀ. ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਅਮਰੀਕਾ ਦੇ ਸਪੁਰਦ ਕਰਨ ਬਾਰੇ ਫੈਸਲਾ ਲਿਆ ਜਾਣਾ ਹੈ, ਪਰ ਜੱਜ ਨੇ ਸੁਣਵਾਈ ਕਰਨ ਦੇ ਬਾਵਜੂਦ ਅਜੇ ਫੈਸਲਾ ਰਾਖਵਾਂ ਰੱਖਿਆ ਹੈ ਅਤੇ ਮਾਮਲੇ ਨਾਲ ਸਬੰਧਤ ਹੋਰ ਜਾਣਕਾਰੀ ਨਸ਼ਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ।

