ਫਰਾਂਸ ਲਗਾਤਾਰ ਤੀਜੀ ਵਾਰ ਸੈਮੀ ਫਾਈਨਲ ਵਿੱਚ

ਫਰਾਂਸ ਲਗਾਤਾਰ ਤੀਜੀ ਵਾਰ ਸੈਮੀ ਫਾਈਨਲ ਵਿੱਚ

ਫੌਕਸਬੋਰੋ (ਅਮਰੀਕਾ) : ਕਾਇਲਿਨ ਐੱਮਬਾਪੇ ਵੱਲੋਂ ਪਹਿਲੇ ਅੱਧ ਵਿੱਚ ਪੈਨਲਟੀ ਕਿੱਕ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਕੀਤੇ ਗੋਲ ਅਤੇ ਦੂਜੇ ਗੋਲ ਵਿੱਚ ਮਦਦ ਕੀਤੇ ਜਾਣ ਦੀ ਬਦੌਲਤ ਫਰਾਂਸ ਨੇ ਵੀਰਵਾਰ ਨੂੰ ਇਥੇ ਵਿਸ਼ਵ ਕੱਪ ਫੁਟਬਾਲ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਮੋਰੱਕੋ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਦਾ ਟਿਕਟ ਕਟਾਇਆ ਹੈ। ਫਰਾਂਸ ਲਈ ਦੂਜਾ ਗੋਲ ਓਸਮਾਨ ਡੈਮਬੇਲੇ ਨੇ ਕੀਤਾ। ਫਰਾਂਸ ਹੁਣ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਸੈਮੀਫਾਈਨਲ ਵਿੱਚ ਸਪੇਨ ਜਾਂ ਬੈਲਜੀਅਮ ’ਚੋਂ ਕਿਸੇ ਇਕ ਨਾਲ ਮੱਥਾ ਲਾਏਗਾ।

ਐੱਮਬਾਪੇ ਵੱਲੋਂ ਖੇਡ ਦੇ 60ਵੇਂ ਮਿੰਟ ਵਿੱਚ ਕੀਤਾ ਗੋਲ ਇਸ ਵਿਸ਼ਵ ਕੱਪ ’ਚ ਉਸ ਦਾ ਅੱਠਵਾਂ ਗੋਲ ਸੀ। ਡੈਮਬੇਲੇ ਨੇ 66ਵੇਂ ਮਿੰਟ ਵਿੱਚ ਟੂਰਨਾਮੈਂਟ ਦਾ ਆਪਣਾ ਪੰਜਵਾਂ ਗੋਲ ਕੀਤਾ। ਕਤਰ ਵਿੱਚ 2022 ਵਿੱਚ ਖੇਡੇ ਸੈਮੀਫਾਈਨਲ ਵਿੱਚ ਫਰਾਂਸ ਨੇ ਮੋਰੱਕੋ ਨੂੰ ਇਸੇ ਸਕੋਰ ਲਾਈਨ ਨਾਲ ਹਰਾਇਆ ਸੀ। ਫਰਾਂਸ ਹੁਣ ਲਗਾਤਾਰ ਤਿੰਨ ਵਿਸ਼ਵ ਕੱਪ ਫਾਈਨਲ ਖੇਡਣ ਵਾਲਾ ਤੀਜਾ ਦੇਸ਼ ਬਣਨ ਦੀ ਰਾਹ ਉੱਤੇ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਬ੍ਰਾਜ਼ੀਲ ਤੇ ਜਰਮਨੀ ਦੇ ਨਾਂ ਹੈ। ਐੱਮਬਾਪੇ ਨੇ ਮੈਚ ਮਗਰੋਂ ਕਿਹਾ, ‘‘ਅਸੀਂ ਸੈਮੀਫਾਈਨਲ ’ਚ ਪਹੁੰਚ ਗਏ ਹਾਂ, ਪਰ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ।’’

Share: