Rahmat Locarno Film Festival: ਗੁਰਵਿੰਦਰ ਸਿੰਘ ਦੀ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ

Rahmat Locarno Film Festival: ਗੁਰਵਿੰਦਰ ਸਿੰਘ ਦੀ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ

ਚੰਡੀਗਡ਼੍ਹ : ਉੱਘੇ ਫਿਲਮਸਾਜ਼ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਬਣੀ ਫਿਲਮ ‘ਰਹਿਮਤ’ ਲੋਕਾਰਨੋ ਫਿਲਮ ਮੇਲੇ ਲਈ ਚੁਣੀ ਗਈ ਹੈ। ਫਿਲਮ ਮੁੱਖ ਮੁਕਾਬਲੇ ਕੌਨਕੋਰਜ਼ੋ ਇੰਟਰਨੈਜ਼ੀਨਾਲੇ ’ਚ ਚੁਣੀ ਗਈ ਹੈ। ਲੋਕਾਰਨੋ ਲਈ ਚੁਣੀ ਗਈ ਇਹ ਇੱਕੋ-ਇੱਕ ਭਾਰਤੀ ਫਿਲਮ ਹੈ। ਇਹ ਮਾਣਮੱਤਾ ਕੌਮਾਂਤਰੀ ਫਿਲਮ ਮੇਲਾ ਸਵਿਟਜ਼ਰਲੈਂਡ ਦੇ ਸ਼ਹਿਰ ਲੋਕਾਰਨੋ ’ਚ 5 ਤੋਂ 15 ਅਗਸਤ ਤੱਕ ਹੋਵੇਗਾ।

ਫਿਲਮ ’ਚ ਨਸੀਰੂਦੀਨ ਸ਼ਾਹ, ਸੁਵਿੰਦਰ ਵਿੱਕੀ, ਮੀਤਾ ਵਸਿਸ਼ਟ, ਅਨੀਤਾ ਮੀਤ, ਨਵਜੋਤ ਰੰਧਾਵਾ, ਇੰਦਰ ਬਾਜਵਾ ਤੋਂ ਇਲਾਵਾ ਨਵੇਂ ਅਦਾਕਾਰਾਂ ਦੀਆ ਕੰਬੋਜ, ਹਰਵਿੰਦਰ ਔਜਲਾ ਅਤੇ ਜਸਵੰਤ ਸਿੰਘ ਜ਼ਫਰ ਨੇ ਕੰਮ ਕੀਤਾ ਹੈ। ਫਿਲਮ 75,000 ਸਵਿਸ ਫਰੈਂਕ ਦੇ ਮੁੱਖ ਇਨਾਮ ਪਾਰਦੋ ਦ’ਓਰੋ (ਗੋਲਡਨ ਲੈਪਰਡ) ਵਾਸਤੇ ਮੁਕਾਬਲੇ ਵਿੱਚ ਹੈ। ਫਿਲਮ ਦਾ ਵਰਲਡ ਪ੍ਰੀਮੀਅਰ 6 ਅਗਸਤ ਨੂੰ ਲੋਕਾਰਨੋ ’ਚ ਹੋਵੇਗਾ। ਫਿਲਮ ਦਿੱਲੀ ਵਾਸੀ ਪ੍ਰਸਿੱਧ ਪੰਜਾਬੀ ਕਹਾਣੀਕਾਰ ਅਜੀਤ ਕੌਰ ਦੀਆਂ ਕਹਾਣੀਆਂ ’ਤੇ ਆਧਾਰਿਤ ਹੈ; ਉਨ੍ਹਾਂ ਦੀ ਧੀ ਅਤੇ ਜਾਣੀ-ਪਛਾਣੀ ਚਿਤਰਕਾਰ ਅਰਪਣਾ ਕੌਰ ਇਸ ਦੀ ਸਹਿ-ਨਿਰਮਾਤਾ ਹੈ।

ਲੋਕਾਰਨੋ ਫਿਲਮ ਫੈਸਟੀਵਲ ਦੀ ਚੋਣਕਾਰ ਟੀਮ ਨੇ ‘ਰਹਿਮਤ’ ਨੂੰ ਖਾਸ ਇਨਾਮ ‘ਪਾਰਦੋ ਫਾਰ ਚੇਂਜ’ ਲਈ ਨਾਮਜ਼ਦ ਕੀਤਾ ਹੈ। ਵਾਤਾਵਰਨ, ਨੈਤਿਕਤਾ, ਸਮਾਜਿਕ ਤਾਣੇ-ਬਾਣੇ ਅਤੇ ਸੱਭਿਆਚਾਰ ਨਾਲ ਜੁੜੇ ਸਵਾਲਾਂ ਬਾਰੇ 13 ਫਿਲਮਾਂ ਇਸ ਇਨਾਮ ਲਈ ਮੁਕਾਬਲੇ ’ਚ ਹਨ। ਸਿਨੇਮਾ ਅਤੇ ਕਲਚਰ ਦੀਆਂ ਤਿੰਨ ਪ੍ਰਮੁੱਖ ਸ਼ਖ਼ਸੀਅਤਾਂ ਪੁਰਸਕਾਰ ਲਈ ਫਿਲਮ ਦੀ ਚੋਣ ਕਰਨਗੀਆਂ ਜਿਸ ਵਿੱਚ ਨਿਰਦੇਸ਼ਕ ਨੂੰ 20,000 ਸਵਿਸ ਫਰੈਂਕ ਦਿੱਤੇ ਜਾਣਗੇ।

ਗੁਰਵਿੰਦਰ ਸਿੰਘ ਨੇ ਪਹਿਲਾਂ ‘ਅੰਨ੍ਹੇ ਘੋੜੇ ਦਾ ਦਾਨ’, ‘ਚੌਥੀ ਕੂਟ’ ਅਤੇ ‘ਅੱਧ ਚਾਨਣੀ ਰਾਤ’ ਫਿਲਮਾਂ ਬਣਾਈਆਂ ਹਨ। ਰਹਿਮਤ ਉਨ੍ਹਾਂ ਦੀ ਚੌਥੀ ਪੰਜਾਬੀ ਫੀਚਰ ਫਿਲਮ ਹੈ। ਉਨ੍ਹਾਂ ਦੀਆਂ ਫਿਲਮਾਂ ਕਾਨ, ਵੈਨਿਸ, ਰੋਟਰਡੈਮ, ਬੁਸਾਨ ਅਤੇ ਹੋਰ ਪ੍ਰਸਿੱਧ ਫਿਲਮ ਮੇਲਿਆਂ ’ਚ ਦਿਖਾਈਆਂ ਜਾ ਚੁੱਕੀਆਂ ਹਨ। ਗੁਰਵਿੰਦਰ ਨੂੰ ਇੱਕ ਵਾਰ ਸਰਵੋਤਮ ਫਿਲਮ ਨਿਰਦੇਸ਼ਕ ਅਤੇ ਦੋ ਵਾਰ ਸਰਵੋਤਮ ਪੰਜਾਬੀ ਫਿਲਮ ਦਾ ਕੌਮੀ ਇਨਾਮ ਮਿਲ ਚੁੱਕਿਆ ਹੈ।

Share: