ਪੰਚਕੂਲਾ ’ਚ Chitkara International School ਦੀ ਬੱਸ ਨੇ 6 ਕਾਰਾਂ ਨੂੰ ਮਾਰੀ ਟੱਕਰ

ਪੰਚਕੂਲਾ ’ਚ Chitkara International School ਦੀ ਬੱਸ ਨੇ 6 ਕਾਰਾਂ ਨੂੰ ਮਾਰੀ ਟੱਕਰ

ਪੰਚਕੂਲਾ : ਪੰਚਕੂਲਾ ਵਿੱਚ ਅੱਜ ਸਵੇਰੇ ਉਸ ਵੇਲੇ ਇੱਕ ਵੱਡਾ ਹਾਦਸਾ ਟਲ ਗਿਆ, ਜਦੋਂ ਚਿਤਕਾਰਾ ਇੰਟਰਨੈਸ਼ਨਲ ਸਕੂਲ ਦੀ ਇਕ ਤੇਜ਼ ਰਫ਼ਤਾਰ ਬੱਸ ਨੇ ਸੜਕ ਕਿਨਾਰੇ ਖੜ੍ਹੀਆਂ ਛੇ ਗੱਡੀਆਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਕਰੀਬ 20 ਸਕੂਲੀ ਬੱਚੇ ਵਾਲ-ਵਾਲ ਬਚ ਗਏ, ਜਿਸ ਕਾਰਨ ਇੱਕ ਵੱਡੀ ਅਣਹੋਣੀ ਹੋਣੋਂ ਰਹਿ ਗਈ। ਜਾਣਕਾਰੀ ਅਨੁਸਾਰ, ਸਕੂਲ ਜਾ ਰਹੀ ਇਸ ਬੱਸ ਨੇ ਪਹਿਲਾਂ ਸੜਕ ਕਿਨਾਰੇ ਪਾਰਕ ਕੀਤੀਆਂ ਕਾਰਾਂ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਚਾਲਕ ਬੱਸ ਤੋਂ ਸੰਤੁਲਨ ਖੋਹ ਬੈਠਾ। ਬੇਕਾਬੂ ਹੋਈ ਬੱਸ ਅੱਗੇ ਖੜ੍ਹੇ ਹੋਰ ਵਾਹਨਾਂ ਨਾਲ ਜਾ ਟਕਰਾਈ। ਇਸ ਜ਼ੋਰਦਾਰ ਟੱਕਰ ਕਾਰਨ ਸੜਕ ਕਿਨਾਰੇ ਖੜ੍ਹੇ ਛੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ ਕੁਝ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ।

ਸਥਾਨਕ ਲੋਕਾਂ ਨੇ ਬੱਚਿਆਂ ਨੂੰ ਬੱਸ ‘ਚੋਂ ਕੱਢਿਆ

ਹਾਦਸਾ ਹੁੰਦੇ ਹੀ ਆਸ-ਪਾਸ ਦੇ ਇਲਾਕਾ ਨਿਵਾਸੀ ਤੁਰੰਤ ਮੌਕੇ ‘ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਬੱਸ ਵਿੱਚ ਸਵਾਰ ਡਰੇ ਹੋਏ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸੰਭਾਲਿਆ। ਇਸ ਦੌਰਾਨ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਦੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ERV) ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਬੱਸ ਵਿੱਚ ਕੋਈ ਤਕਨੀਕੀ ਖ਼ਰਾਬੀ (ਮਕੈਨੀਕਲ ਫੇਲ੍ਹ ਹੋਣ) ਕਾਰਨ ਵਾਪਰਿਆ ਹੈ ਜਾਂ ਫਿਰ ਇਹ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਦਾ ਮਾਮਲਾ ਹੈ। ਪੁਲੀਸ ਨੇ ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Share: