ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੁੱਕਰਵਾਰ ਸ਼ਾਮ ਤੱਕ ਪਿਛਲੇ 24 ਘੰਟਿਆਂ ਦੌਰਾਨ ਹਲਕਾ-ਦਰਮਿਆਨਾ ਮੀਂਹ ਪਿਆ, ਜਿਸ ਕਾਰਨ ਹੋਏ ਹਾਦਸਿਆਂ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਅਤੇ 49 ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਮੌਨਸੂਨ ਸੀਜ਼ਨ ਵਿੱਚ ਹੁਣ ਤੱਕ ਸੂਬੇ ਨੂੰ 15.27 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਸ਼ਾਮ ਤੋਂ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਦੇ ਨਾਲ ਹੀ ਇਸ ਮੌਨਸੂਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ।
ਅਧਿਕਾਰੀਆਂ ਅਨੁਸਾਰ, ਕਾਂਗੜਾ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋਈ, ਜਦੋਂ ਕਿ ਮੰਡੀ ਜ਼ਿਲ੍ਹੇ ਵਿੱਚ ਇੱਕ ਹੋਰ ਵਿਅਕਤੀ ਦੀ ਉਚਾਈ ਤੋਂ ਡਿੱਗਣ ਕਾਰਨ ਜਾਨ ਚਲੀ ਗਈ।
ਸੂਬਾ ਐਮਰਜੈਂਸੀ ਅਪਰੇਸ਼ਨ ਕੇਂਦਰ ਦੇ ਅਨੁਸਾਰ, ਕੁੱਲੂ ਵਿੱਚ 30, ਚੰਬਾ ਵਿੱਚ 10, ਸਿਰਮੌਰ ਵਿੱਚ ਤਿੰਨ ਅਤੇ ਲਾਹੌਲ-ਸਪਿਤੀ, ਮੰਡੀ ਅਤੇ ਊਨਾ ਜ਼ਿਲ੍ਹਿਆਂ ਵਿੱਚ ਦੋ-ਦੋ ਸੜਕਾਂ ਬੰਦ ਹਨ।
ਇਸ ਦੌਰਾਨ, ਕਿੰਨੌਰ ਦੇ ਡਿਪਟੀ ਕਮਿਸ਼ਨਰ ਅਮਿਤ ਸ਼ਰਮਾ ਨੇ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਚੋਲਿੰਗ ਨੇੜੇ ਭਾਰੀ ਮੀਂਹ ਕਾਰਨ ਸ਼ੁੱਕਰਵਾਰ ਤੜਕੇ ਜਮ੍ਹਾਂ ਹੋਏ ਮਲਬੇ ਕਰਕੇ ਬੰਦ ਹੋ ਚੁੱਕੇ ਹਿੰਦੁਸਤਾਨ-ਤਿੱਬਤ ਮਾਰਗ (ਕੌਮੀ ਰਾਜਮਾਰਗ-5) ਨੂੰ ਹਰ ਪ੍ਰਕਾਰ ਦੇ ਵਾਹਨਾਂ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ।
ਦੂਜੇ ਪਾਸੇ, ਚੰਬਾ ਜ਼ਿਲ੍ਹੇ ਦੇ ਭਰਮੌਰ ਉਪ-ਮੰਡਲ ਵਿੱਚ ਇੱਕ ਮੰਦਰ ਨੇੜੇ ਬੁੱਧਵਾਰ ਤੋਂ ਫਸੇ ਲਗਪਗ 24 ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਭਾਰੀ ਮੀਂਹ ਕਾਰਨ ਆਏ ਅਚਾਨਕ ਹੜ੍ਹ ਵਿੱਚ ਲੱਕੜ ਦਾ ਇੱਕ ਆਰਜ਼ੀ ਪੁਲ ਵਹਿ ਜਾਣ ਕਰਕੇ ਮੰਦਰ ਦਾ ਸੰਪਰਕ ਟੁੱਟ ਗਿਆ ਸੀ।
ਐੱਨ ਡੀ ਆਰ ਐੱਫ ਅਤੇ ਰਾਹਤ ਕਾਰਜ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਅਪਰੇਸ਼ਨ ਚਲਾ ਕੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

