ਨਵੀਂ ਦਿੱਲੀ : ਸਰਕਾਰ ਨੇ ਦੇਸ਼ ਵਿੱਚ ਈ20 ਈਥਾਨੌਲ ਮਿਸ਼ਰਨ ਪ੍ਰੋਗਰਾਮ ਬਾਰੇ ਸੋਸ਼ਲ ਮੀਡੀਆ ਵਿੱਚ ਚੱਲ ਰਹੀ ਗ਼ਲਤ ਜਾਣਕਾਰੀ ਦਾ ਖੰਡਨ ਕੀਤਾ ਹੈ। ਸਰਕਾਰ ਨੇ ਪਾਣੀ ਦੀ ਵਧੇਰੇ ਖ਼ਪਤ, ਇੰਜਣ ਖ਼ਰਾਬ ਹੋਣ, ਇੰਸ਼ੋਰੈਂਸ ਨਾਵਾਜਬ ਹੋਣ ਤੇ ਵਾਤਾਵਰਨ ਨੂੰ ਨੁਕਸਾਨ ਜਿਹੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ 10 ਨੁਕਾਤੀ ਸਪਸ਼ਟੀਕਰਨ ਵਿੱਚ ਕਿਹਾ ਕਿ ਪੈਟਰੋਲ ਵਿੱਚ 20 ਫ਼ੀਸਦ ਤੱਕ ਈਥਾਨੌਲ ਮਿਸ਼ਰਨ ਵਾਲਾ ਪ੍ਰੋਗਰਾਮ ਵਿਗਿਆਨਕ ਅਧਿਐਨਾਂ, ਕੌਮਾਂਤਰੀ ਤਜਰਬੇ ਅਤੇ ਰੈਗੂਲੇਟਰੀ ਸੁਰੱਖਿਆ ਉਪਾਵਾਂ ਉੱਤੇ ਆਧਾਰਿਤ ਹੈ।ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਇਕ ਲਿਟਰ ਈਥਾਨੌਲ ਪੈਦਾ ਕਰਨ ਲਈ 10,000 ਲਿਟਰ ਪਾਣੀ ਦੀ ਖ਼ਪਤ ਹੁੰਦੀ ਹੈ। ਮੰਤਰਾਲੇ ਨੇ ਕਿਹਾ ਕਿ ਕੌਮੀ ਖ਼ੁਰਾਕ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਮਗਰੋਂ ਬਚਦੇ ਵਾਧੂ ਚੌਲ ਨੂੰ ਈਥਾਨੌਲ ਉਤਪਾਦਨ ਲਈ ਭੇਜਿਆ ਜਾਂਦਾ ਹੈ। ਇਸ ਵਿੱਚ ਕਿਹਾ ਗਿਆ ਕਿ ਈਥਾਨੌਲ ਡਿਸਟਿਲਰੀਆਂ ਫ਼ੀ ਲਿਟਰ ਈਥਾਨੌਲ ਲਈ ਕਰੀਬ 3 ਤੋਂ 5 ਲਿਟਰ ਪ੍ਰਾਸੈਸਡ ਪਾਣੀ ਦੀ ਖ਼ਪਤ ਕਰਦੀਆਂ ਹਨ ਤੇ ਪਾਣੀ ਰੀਸਾਈਕਲ ਕਰਨ ਲਈ ਜ਼ੀਰੋ ਲਿਕੁਇਡ ਡਿਸਚਾਰਜ ਸਿਸਟਮ ਦਾ ਸੰਚਾਲਨ ਤੇਜ਼ੀ ਨਾਲ ਕਰ ਰਹੀ ਹੈ। ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਈ20 ਅਣਪਰਖਿਆ ਹੋਇਆ ਬਾਲਣ ਹੈ। ਸਰਕਾਰ ਨੇ ਕਿਹਾ ਕਿ ਈਥਾਨੌਲ ਮਿਸ਼ਰਿਤ ਬਾਲਣਾਂ ਦੀ ਵਰਤੋਂ ਦਹਾਕਿਆਂ ਤੋਂ ਕੌਮਾਂਤਰੀ ਪੱਧਰ ’ਤੇ ਕੀਤੀ ਜਾ ਰਹੀ ਹੈ। ਅਮਰੀਕਾ, ਬ੍ਰਾਜ਼ੀਲ, ਕੈਨੇਡਾ, ਥਾਈਲੈਂਡ, ਜਪਾਨ ਅਤੇ ਕਈ ਯੂਰਪੀਅਨ ਮੁਲਕਾਂ ਸਣੇ ਹੋਰਨਾਂ ਦੇਸ਼ਾਂ ਨੇ ਵੱਖ-ਵੱਖ ਪੱਧਰਾਂ ’ਤੇ ਈਥਾਨੌਲ ਮਿਸ਼ਰਨ ਅਪਣਾਇਆ ਹੈ।
Posted inNew Delhi
ਸਰਕਾਰ ਨੇ ਈਥਾਨੌਲ ਮਿਸ਼ਰਤ ਬਾਲਣ ਬਾਰੇ ਦਾਅਵੇ ਨਕਾਰੇ

