ਜ਼ੀਰਕਪੁਰ : ਇੱਥੇ ਦੇ ਵੀ.ਆਈ.ਪੀ. ਰੋਡ ‘ਤੇ ਬੀਤੀ ਦੇਰ ਰਾਤ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਰੋਡ ਤੇ ਪੁਲੀਸ ਚੌਕੀ (ਬੀਟ ਬਾਕਸ) ਦੇ ਇੰਚਾਰਜ ਏ.ਐੱਸ.ਆਈ. ਸ਼ਰਤ ਧੀਮਾਨ ਵੱਲੋਂ ਇੱਕ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰ ਦਿੱਤਾ ਗਿਆ। ਇਹ ਪੂਰੀ ਘਟਨਾ ਉੱਥੇ ਖੜੇ ਲੋਕਾਂ ਵੱਲੋਂ ਕੈਮਰਿਆਂ ਵਿੱਚ ਕੈਦ ਕਰ ਲਈ ਗਈ, ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਕਈ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਵੀ.ਆਈ.ਪੀ. ਰੋਡ ਤੇ ਬਣੇ ਪੁਲੀਸ ਬੀਟ ਬਾਕਸ ਦੇ ਇੰਚਾਰਜ ਏ.ਐੱਸ.ਆਈ. ਸ਼ਰਤ ਧੀਮਾਨ ਕਥਿਤ ਤੌਰ ‘ਤੇ ਨਸ਼ੇ ਵਿੱਚ ਦੱਸੇ ਜਾ ਰਹੇ ਹਨ ਪਰ ਹਾਲੇ ਇਸਦੀ ਪੁਸ਼ਟੀ ਨਹੀਂ ਹੋ ਸਕੀ। ਵੀਆਈਪੀ ਰੋਡ ਤੇ ਸੜਕ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ।
ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਹਿਸਬਾਜ਼ੀ ਦੌਰਾਨ ਹੀ ਆਪਾ ਖੋਹ ਚੁੱਕੇ ਏ.ਐੱਸ.ਆਈ. ਨੇ ਅਚਾਨਕ ਇੱਕ ਨੌਜਵਾਨ ਦੇ ਮੂੰਹ ‘ਤੇ ਜ਼ੋਰਦਾਰ ਥੱਪੜ ਜੜ ਦਿੱਤਾ। ਏ.ਐੱਸ.ਆਈ. ਸ਼ਰਤ ਧੀਮਾਨ ਵੱਲੋਂ ਮਾਰੇ ਗਏ ਇਸ ਥੱਪੜ ਤੋਂ ਬਾਅਦ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਜ਼ਿਆਦਾ ਵਿਗੜ ਗਿਆ।
ਪੁਲੀਸ ਅਧਿਕਾਰੀ ਦੀ ਇਸ ਹਰਕਤ ਤੋਂ ਭੜਕੇ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਕਾਨੂੰਨ ਨੂੰ ਹੱਥ ਵਿੱਚ ਲੈਂਦਿਆਂ ਮੌਕੇ ‘ਤੇ ਹੀ ਏ.ਐੱਸ.ਆਈ. ‘ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਵੀ.ਆਈ.ਪੀ. ਰੋਡ ਇੱਕ ਜੰਗ ਦੇ ਮੈਦਾਨ ਵਿੱਚ ਬਦਲ ਗਈ। ਨੌਜਵਾਨਾਂ ਨੇ ਪੁਲੀਸ ਅਧਿਕਾਰੀ ਦੇ ਨਾਲ ਬੁਰੀ ਤਰ੍ਹਾਂ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਏ ਐੱਸ ਆਈ ਕੁਝ ਮਹੀਨੇ ਪਹਿਲਾਂ ਹੀ ਪ੍ਰਮੋਟ ਹੋ ਕੇ ਇਸ ਅਹੁਦੇ ‘ਤੇ ਆਏ ਸਨ, ਪਰ ਇਸ ਹਰਕਤ ਨੇ ਪੂਰੇ ਮਹਿਕਮੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਸ ਹੰਗਾਮੇ ਦੌਰਾਨ ਆਲੇ-ਦੁਆਲੇ ਦੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪੁਲੀਸ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਖ਼ਿਲਾਫ਼ ਕੀ ਕਾਰਵਾਈ ਬਾਰੇ ਆਉਣ ਵਾਲੇ ਦਿਨਾਂ ਵਿਚ ਹੀ ਸਪੱਸ਼ਟ ਹੋ ਸਕਦਾ ਹੈ। ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

