ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ ਅਦਾਲਤ ‘ਚ ਦੋ ਘੰਟੇ ਚੱਲੀ ਬਹਿਸ; ਅਗਲੀ ਸੁਣਵਾਈ 18 ਜੁਲਾਈ ‘ਤੇ ਪਈ

ਬਠਿੰਡਾ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਮਾਤਾ ਮਹਿੰਦਰ ਕੌਰ ਜੰਡੀਆਂ ਵੱਲੋਂ ਦਾਇਰ ਮਾਨਹਾਨੀ ਕੇਸ ਦੀ ਸੁਣਵਾਈ ਵੀਰਵਾਰ ਨੂੰ ਬਠਿੰਡਾ ਅਦਾਲਤ ਵਿੱਚ ਹੋਈ। ਕਰੀਬ ਦੋ ਘੰਟੇ ਤੱਕ ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਇਸ ਮਾਮਲੇ ‘ਤੇ ਤਿੱਖੀ ਬਹਿਸ ਚੱਲੀ। ਅੱਜ ਦੀ ਬਹਿਸ ਸੁਣਨ ਤੋਂ ਬਾਅਦ ਮਾਨਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 18 ਜੁਲਾਈ 2026 ਦੀ ਤਰੀਕ ਨਿਰਧਾਰਤ ਕੀਤੀ ਹੈ। ਸੁਣਵਾਈ ਦੌਰਾਨ ਮਾਤਾ ਮਹਿੰਦਰ ਕੌਰ ਜੰਡੀਆਂ ਦੇ ਵਕੀਲ ਐਡਵੋਕੇਟ ਰਣਬੀਰ ਸਿੰਘ ਬਹਿਣੀਵਾਲ ਵੱਲੋਂ ਕੰਗਨਾ ਰਣੌਤ ਦਾ ਪਾਸਪੋਰਟ ਜ਼ਬਤ ਕਰਨ ਸਬੰਧੀ ਅਰਜ਼ੀ ਦਾਇਰ ਕੀਤੀ ਗਈ। ਹਾਲਾਂਕਿ ਅਦਾਲਤ ਵੱਲੋਂ ਇਸ ਅਰਜ਼ੀ ‘ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ।

ਇਸ ਦੌਰਾਨ ਬੀ ਕੇ ਯੂ (ਕ੍ਰਾਂਤੀਕਾਰੀ) ਦੇ ਸੂਬਾਈ ਆਗੂ ਸੁਰਜੀਤ ਸਿੰਘ ਫੂਲ ਦੀ ਗਵਾਹੀ ਵੀ ਦਰਜ ਕੀਤੀ ਗਈ। ਸੁਣਵਾਈ ਦੌਰਾਨ ਕੰਗਨਾ ਰਣੌਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਾਤਾ ਮਹਿੰਦਰ ਕੌਰ ਜੰਡੀਆਂ ਅਤੇ ਸੁਰਜੀਤ ਸਿੰਘ ਫੂਲ ਸਬੰਧਤ ਕਿਸਾਨ ਧਰਨੇ ਵਿੱਚ ਸ਼ਾਮਲ ਨਹੀਂ ਹੋਏ ਸਨ।

ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਜੁਲਾਈ 2026 ਨੂੰ ਹੋਵੇਗੀ। ਉਸ ਦਿਨ ਮਾਤਾ ਮਹਿੰਦਰ ਕੌਰ ਦੇ ਰਿਸ਼ਤੇ ਵਿੱਚ ਲੱਗਦੇ ਪੋਤਰੇ ਗੁਰਪ੍ਰੀਤ ਸਿੰਘ ਦੀ ਗਵਾਹੀ ਦਰਜ ਕਰਵਾਈ ਜਾਵੇਗੀ।

Share: