ਸ਼ਿਮਲਾ : ਕਿੰਨੌਰ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਨਾਲ NH-5 ਉੱਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਰੇਕੋਂਗ ਪੀਓ ਤੋਂ ਲਗਪਗ 25 ਕਿਲੋਮੀਟਰ ਦੂਰ ਚੌਲਿੰਗ ਵਿਖੇ ਸੜਕ ‘ਤੇ ਵੱਡੀ ਮਾਤਰਾ ਵਿੱਚ ਮਲਬਾ ਡਿੱਗਣ ਕਾਰਨ ਹਾਈਵੇਅ ਬੰਦ ਹੋ ਗਿਆ ਹੈ। ਮਲਬੇ ਹੇਠ ਕਈ ਵਾਹਨਾਂ ਦੇ ਦੱਬੇ ਜਾਣ ਦੀ ਵੀ ਖ਼ਬਰ ਹੈ। ਇਸ ਤੋਂ ਇਲਾਵਾ, ਸਵੇਰ ਦੇ ਸਮੇਂ ਭਾਰੀ ਮੀਂਹ ਕਾਰਨ ਰਿੱਬਾ ਪਿੰਡ ਵਿੱਚ ਵੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਹਿਮਾਚਲ ਵਿੱਚ ਮਾਨਸੂਨ ਨੇ ਕੁਝ ਦਿਨ ਪਹਿਲਾਂ ਹੀ ਦਸਤਕ ਦਿੱਤੀ ਹੈ, ਪਰ ਸੂਬੇ ਦੇ ਕਈ ਹਿੱਸਿਆਂ, ਖਾਸ ਕਰਕੇ ਕਿੰਨੌਰ ਵਿੱਚ ਮੀਂਹ ਨਾਲ ਸਬੰਧਤ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ, ਜਦਕਿ ਕੁੱਲੂ, ਸ਼ਿਮਲਾ, ਸਿਰਮੌਰ ਅਤੇ ਊਨਾ ਜ਼ਿਲ੍ਹਿਆਂ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।

