ਨਦੀਆਂ ਦੇ ਪਾਣੀ ‘ਤੇ ਕਾਬੂ ਪਾਉਣ ਦੀ ਭਾਰਤ ਦੀ ਕੋਸ਼ਿਸ਼ ਨਾ-ਮਨਜ਼ੂਰ: ਪਾਕਿਸਤਾਨ

ਨਦੀਆਂ ਦੇ ਪਾਣੀ ‘ਤੇ ਕਾਬੂ ਪਾਉਣ ਦੀ ਭਾਰਤ ਦੀ ਕੋਸ਼ਿਸ਼ ਨਾ-ਮਨਜ਼ੂਰ: ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਪਾਣੀ ਨੂੰ ਰਣਨੀਤਕ ਹਥਿਆਰ ਮੰਨ ਕੇ ਨਦੀਆਂ ‘ਤੇ ਕਾਬੂ ਪਾਉਣ ਦੀ ਭਾਰਤ ਦੀ ਕਥਿਤ ਕੋਸ਼ਿਸ਼, ਖਾਸ ਕਰਕੇ ਸਿੰਧੂ ਨਦੀ ਘਾਟੀ ਦੇ ਮਾਮਲੇ ਵਿੱਚ, ਉਸ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਆਪਣੀ ਹਫ਼ਤਾਵਾਰੀ ਪ੍ਰੈਸ ਵਾਰਤਾ ਦੌਰਾਨ ਸਿੰਧੂ ਜਲ ਸਮਝੌਤੇ ਨੂੰ ‘ਮੁਲਤਵੀ’ ਕਰਨ ਦੇ ਭਾਰਤ ਦੇ ਫੈਸਲੇ ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਟਿੱਪਣੀ ਕੀਤੀ। ਭਾਰਤ ਨੇ ਪਿਛਲੇ ਸਾਲ 22 ਅਪਰੈਲ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਲੋਕਾਂ ਦੇ ਮਾਰੇ ਜਾਣ ਦੇ ਜਵਾਬ ਵਿੱਚ ਸਿੰਧੂ ਨਦੀ ਜਲ ਸਮਝੌਤੇ ਨੂੰ ਮੁਲਤਵੀ ਕਰਨ ਸਮੇਤ ਪਾਕਿਸਤਾਨ ਦੇ ਖਿਲਾਫ ਕਈ ਕਦਮ ਚੁੱਕੇ ਸਨ।

ਅੰਦਰਾਬੀ ਨੇ ਕਿਹਾ, ”ਅਸੀਂ ਸਿੰਧੂ ਜਲ ਸਮਝੌਤੇ ਨੂੰ ਮੁਲਤਵੀ ਕਰਨ ਅਤੇ ਪਾਕਿਸਤਾਨ ਦੇ ਹਿੱਸੇ ਦੇ ਜਾਇਜ਼ ਪਾਣੀ ਨੂੰ ਰੋਕਣ ਲਈ ਭਾਰਤ ਵੱਲੋਂ ਅਤਿਵਾਦ ਦੇ ਬੇਬੁਨਿਆਦ ਦੋਸ਼ਾਂ ਦਾ ਬਹਾਨਾ ਬਣਾਉਣ ਦੀ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਨਾ-ਮਨਜ਼ੂਰ ਕਰਦੇ ਹਾਂ।”

ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਗੱਲ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਕਿ ਅਸਲ ਮੁੱਦਾ ਅਤਿਵਾਦ ਨਹੀਂ ਹੈ, ਬਲਕਿ ਮੁੱਦਾ ਭਾਰਤੀ ਲੀਡਰਸ਼ਿਪ ਵਿੱਚ ਮਜ਼ਬੂਤ ਹੁੰਦੀ ਉਹ ਸੋਚ ਹੈ ਜਿਸ ਦੇ ਤਹਿਤ ਉਹ ਦੋਵਾਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਨਦੀ ਪ੍ਰਣਾਲੀ ਨੂੰ ਇੱਕ ਅਜਿਹੀ ਰਣਨੀਤਕ ਜਾਇਦਾਦ ਮੰਨਦੇ ਹਨ ਜਿਸ ਨੂੰ ਆਪਣੀ ਮਰਜ਼ੀ ਨਾਲ ਕਾਬੂ ਕੀਤਾ, ਰੋਕਿਆ ਜਾਂ ਉਸ ਦਾ ਰਸਤਾ ਮੋੜਿਆ ਜਾ ਸਕਦਾ ਹੈ।

ਅੰਦਰਾਬੀ ਨੇ ਕਿਹਾ ਕਿ ਪਾਣੀ ਜ਼ਬਰਦਸਤੀ ਜਾਂ ਸਿਆਸੀ ਦਬਾਅ ਦਾ ਜ਼ਰੀਆ ਨਹੀਂ ਹੈ ਅਤੇ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਦਾ ਉਸ ਦਾ ਜਾਇਜ਼ ਹਿੱਸਾ ਦੇਣ ਤੋਂ ਇਨਕਾਰ ਕਰਨ ਦੀ ਕੋਈ ਵੀ ਕੋਸ਼ਿਸ਼, ਭਾਰਤ ਦੀਆਂ ਕੌਮਾਂਤਰੀ ਕਾਨੂੰਨੀ ਜ਼ਿੰਮੇਵਾਰੀਆਂ ਦੀ ਸਾਫ਼ ਉਲੰਘਣਾ ਹੈ।

Share: