ਦੁਬਈ : ਇਰਾਨ ਦੇ ਅਰਧ-ਸੈਨਿਕ ਬਲ ‘ਰਿਵੋਲਿਊਸ਼ਨਰੀ ਗਾਰਡ’ ਨੇ ਅਮਰੀਕੀ ਹਵਾਈ ਹਮਲਿਆਂ ਦੇ ਜਵਾਬ ਵਿੱਚ ਬਹਿਰੀਨ ਅਤੇ ਕੁਵੈਤ ਨੂੰ ਨਿਸ਼ਾਨਾ ਬਣਾ ਕੇ ਐਤਵਾਰ ਨੂੰ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ। ਇਸ ਦੇ ਨਾਲ ਹੀ ਇਰਾਨ ਨੇ ਧਮਕੀ ਦਿੱਤੀ ਕਿ ਜੇਕਰ ਅਮਰੀਕਾ ਨੇ ਹਮਲੇ ਜਾਰੀ ਰੱਖੇ ਤਾਂ ਜੰਗ ਖ਼ਤਮ ਕਰਨ ਲਈ ਚੱਲ ਰਹੀ ਗੱਲਬਾਤ “ਪੂਰੀ ਤਰ੍ਹਾਂ ਰੋਕੀ” ਜਾ ਸਕਦੀ ਹੈ। ਇਰਾਨ ਦੇ ਰਿਵੋਲੂਸ਼ਨਰੀ ਗਾਰਡ ਨੇ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਸਨੇ ਕੁਵੈਤ ਵਿੱਚ ਅਲ-ਅਸਦ ਹਵਾਈ ਫੌਜ ਅੱਡੇ (ਏਅਰਬੇਸ) ਨੂੰ ਨਿਸ਼ਾਨਾ ਬਣਾਇਆ। ਰਿਵੋਲੂਸ਼ਨਰੀ ਗਾਰਡ ਨੇ ਕਿਹਾ, “ਦੁਸ਼ਮਣ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੰਗਬੰਦੀ ਦੀ ਉਲੰਘਣਾ… ਚੱਲ ਰਹੀਆਂ ਪ੍ਰਕਿਰਿਆਵਾਂ (ਗੱਲਬਾਤ) ਨੂੰ ਪੂਰੀ ਤਰ੍ਹਾਂ ਰੋਕ ਦੇਵੇਗੀ।” ਬਹਿਰੀਨ ਅਤੇ ਕੁਵੈਤ ‘ਤੇ ਇਹ ਹਮਲੇ ਉਸ ਵੇਲੇ ਹੋਏ, ਜਦੋਂ ਅਮਰੀਕੀ ਜਲ ਸੈਨਾ ਦੀ ਦੇਖਰੇਖ ਹੇਠ ਕੰਮ ਕਰਨ ਵਾਲੇ ਕਈ ਦੇਸ਼ਾਂ ਦੇ ਇੱਕ ਸਮੁੰਦਰੀ ਸੰਗਠਨ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਹੋਰਮੁਜ਼ ਜਲਮਾਰਗ (Strait of Hormuz) ਵਿੱਚ ਓਮਾਨ ਦੇ ਲਾਗੇ ਪੈਂਦੇ ਇੱਕ ਰਸਤੇ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਖਾੜੀ ਦੇ ਦੇਸ਼ਾਂ ਵਿੱਚ ਆਉਣ-ਜਾਣ ਵਾਲੇ ਵਾਲੇ ਜਹਾਜ਼ਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਕਦਮ ਨਾਲ ਇਰਾਨ ਨਾਲ ਟਕਰਾਅ ਦਾ ਇੱਕ ਨਵਾਂ ਕਾਰਨ ਪੈਦਾ ਹੋ ਸਕਦਾ ਹੈ।
ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਖ਼ਤਮ ਕਰਨ ਲਈ ਹੋਏ ਅੰਤਰਿਮ ਸਮਝੌਤੇ ਵਿੱਚ ਹੋਰਮੁਜ਼ ਜਲਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਫਿਰ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਪਰ ਇਸ ਦੇ ਬਾਵਜੂਦ, ਇਰਾਨ ਨੇ ਸੰਯੁਕਤ ਰਾਸ਼ਟਰ (UN) ਦੀ ਸੰਸਥਾ ਦੀ ਮਦਦ ਨਾਲ ਬਣਾਏ ਗਏ ਓਮਾਨ ਵਾਲੇ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਦੋ ਵਾਰ ਹਮਲੇ ਕਰ ਦਿੱਤੇ ਹਨ।
ਇਰਾਨ ਦੇ ਹਮਲੇ ਦਾ ਸ਼ਿਕਾਰ ਹੋਇਆ ਪਨਾਮਾ ਦੇ ਝੰਡੇ ਵਾਲਾ ਤੇਲ ਵਾਲਾ ਵੱਡਾ ਜਹਾਜ਼ (ਟੈਂਕਰ) ‘ਕੀਕੂ’, ਕਤਰ ਦੇਸ਼ ਦੀ ਸਰਕਾਰੀ ਊਰਜਾ ਕੰਪਨੀ ਲਈ ਕੱਚਾ ਤੇਲ ਲੈ ਕੇ ਜਾ ਰਿਹਾ ਸੀ। ਇੱਥੇ ਇਹ ਦੱਸਣਯੋਗ ਹੈ ਕਿ ਕਤਰ ਦੇਸ਼, ਇਰਾਨ ਅਤੇ ਅਮਰੀਕਾ ਵਿਚਾਲੇ ਸੁਲ੍ਹਾ ਕਰਵਾਉਣ ਲਈ ਮੁੱਖ ਵਿਚੋਲੇ ਦਾ ਕੰਮ ਕਰ ਰਿਹਾ ਹੈ।
ਅਮਰੀਕਾ ਅਤੇ ਖਾੜੀ ਦੇ ਅਰਬ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਇਰਾਨ ਦਾ ਕਹਿਣਾ ਹੈ ਕਿ ਇਸ ਮਹੱਤਵਪੂਰਨ ਜਲਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ‘ਤੇ ਉਸਦਾ ਕੰਟਰੋਲ ਹੋਣਾ ਚਾਹੀਦਾ ਹੈ। ਇੱਕ ਸਮੇਂ ਦੁਨੀਆ ਦੇ ਤੇਲ ਅਤੇ ਕੁਦਰਤੀ ਗੈਸ ਦਾ ਪੰਜਵਾਂ ਹਿੱਸਾ ਇਸੇ ਸਮੁੰਦਰੀ ਰਸਤੇ ਤੋਂ ਲੰਘਦਾ ਸੀ।
ਉੱਥੇ ਹੀ ‘ਯੂ ਐੱਸ ਸੈਂਟਰਲ ਕਮਾਂਡ’ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਇੱਕ ਮਾਲਵਾਹਕ ਜਹਾਜ਼ ‘ਤੇ ਸ਼ਨਿੱਚਰਵਾਰ ਤੜਕੇ ਹੋਏ ਹਮਲੇ ਤੋਂ ਬਾਅਦ ਅਮਰੀਕੀ ਫੌਜੀ ਜਹਾਜ਼ਾਂ ਨੇ “ਇਰਾਨ ਦੇ ਫੌਜੀ ਨਿਗਰਾਨੀ ਢਾਂਚੇ, ਸੰਚਾਰ ਪ੍ਰਣਾਲੀਆਂ, ਹਵਾਈ ਰੱਖਿਆ ਟਿਕਾਣਿਆਂ, ਡਰੋਨ ਸਟੋਰੇਜ (ਭੰਡਾਰਨ) ਕੇਂਦਰਾਂ ਅਤੇ ਬਾਰੂਦੀ ਸੁਰੰਗਾਂ ਵਿਛਾਉਣ ਵਾਲੀਆਂ ਤਾਕਤਾਂ ਨੂੰ ਨਿਸ਼ਾਨਾ ਬਣਾਇਆ।”
ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਅਮਰੀਕਾ ਨੇ “ਜੰਗਬੰਦੀ ਸਮਝੌਤੇ ਦੀ ਦੁਬਾਰਾ ਉਲੰਘਣਾ ਕੀਤੇ ਜਾਣ ਦੇ ਜਵਾਬ ਵਿੱਚ ਇਰਾਨ ਦੇ ਮਿਜ਼ਾਈਲ, ਡਰੋਨ ਸਟੋਰੇਜ ਕੇਂਦਰਾਂ ਅਤੇ ਤੱਟਵਰਤੀ ਰਡਾਰ ਟਿਕਾਣਿਆਂ ‘ਤੇ ਹਮਲੇ ਕੀਤੇ।”
ਇਰਾਨ ਦੇ ਹਮਲੇ ਦੀ ਬਹਿਰੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਨਿਖੇਧੀ ਕੀਤੀ ਹੈ। ਬਹਿਰੀਨ ਨੇ ਇਸ ਨੂੰ ਇੱਕ “ਖ਼ਤਰਨਾਕ ਸਥਿਤੀ” ਦੱਸਦਿਆਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਰਾਨ ਦੀ ਇਹ ਹਰਕਤ ਕੋਈ ਅਚਾਨਕ ਹੋਈ ਇੱਕ-ਅੱਧੀ ਘਟਨਾ ਨਹੀਂ ਹੈ, ਸਗੋਂ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਇੱਥੋਂ ਦੇ ਨਾਗਰਿਕਾਂ ਤੇ ਰਹਿਣ ਵਾਲੇ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰੇ ਵਿੱਚ ਪਾਉਣ ਲਈ ਵਾਰ-ਵਾਰ ਹਮਲੇ ਕਰਨ ਦੀ ਇੱਕ ਸੋਚੀ-ਸਮਝੀ ਯੋਜਨਾ ਹੈ।
ਬਹਿਰੀਨ ਵਿੱਚ ਅਮਰੀਕੀ ਜਲ ਸੈਨਾ ਦਾ ਪੰਜਵਾਂ ਬੇੜਾ (Fifth Fleet) ਤਾਇਨਾਤ ਹੈ। ਜੰਗ ਦੌਰਾਨ ਉੱਥੇ ਸਥਿਤ ਉਸਦੇ ਅੱਡੇ ‘ਤੇ ਕਈ ਵਾਰ ਹਮਲੇ ਹੋਏ ਹਨ।

