ਦਿੱਲੀ ਦੇ ਕੇਸ਼ਵ ਪੁਰਮ ਵਿੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ; ਛੱਤ ਤੋਂ ਤਿੰਨ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਦਿੱਲੀ ਦੇ ਕੇਸ਼ਵ ਪੁਰਮ ਵਿੱਚ ਰਿਹਾਇਸ਼ੀ ਇਮਾਰਤ ਨੂੰ ਲੱਗੀ ਅੱਗ; ਛੱਤ ਤੋਂ ਤਿੰਨ ਲੋਕਾਂ ਨੂੰ ਕੱਢਿਆ ਸੁਰੱਖਿਅਤ ਬਾਹਰ

ਨਵੀਂ ਦਿੱਲੀ : ਉੱਤਰ-ਪੱਛਮੀ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਸੋਮਵਾਰ ਤੜਕਸਾਰ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਤੋਂ ਤੁਰੰਤ ਬਾਅਦ ਚਲਾਏ ਗਏ ਬਚਾਅ ਕਾਰਜ ਦੌਰਾਨ ਇਮਾਰਤ ਦੀ ਛੱਤ ’ਤੇ ਫਸੇ ਤਿੰਨ ਲੋਕਾਂ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਦਿੱਲੀ ਫਾਇਰ ਸਰਵਿਸਿਜ਼ (DFS) ਨੂੰ ਲਾਰੈਂਸ ਰੋਡ ‘ਤੇ ਸਥਿਤ ਇਸ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਸਬੰਧੀ ਤੜਕੇ ਕਰੀਬ 2:03 ਵਜੇ ਲਗਾਤਾਰ ਕਈ ਫ਼ੋਨ ਆਏ। ਸੂਚਨਾ ਮਿਲਦੇ ਹੀ ਵਿਭਾਗ ਵੱਲੋਂ ਦੋ ਵਾਟਰ ਟੈਂਡਰ, ਦੋ ਵਾਟਰ ਬਾਊਜ਼ਰ ਅਤੇ ਇੱਕ ਤੁਰੰਤ ਪ੍ਰਤੀਕਿਰਿਆ ਵਾਹਨ (QRV) ਤੁਰੰਤ ਮੌਕੇ ’ਤੇ ਰਵਾਨਾ ਕੀਤੇ ਗਏ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਇਮਾਰਤ ਦੀ ਛੱਤ ‘ਤੇ ਮੌਜੂਦ ਤਿੰਨ ਲੋਕਾਂ- ਗੌਰਵ (28), ਕਾਇਰਾ (25) ਅਤੇ ਇੰਦੂ ਬੱਤਰਾ (55) ਨੂੰ ਸੁਰੱਖਿਅਤ ਹੇਠਾਂ ਉਤਾਰਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ ਹੈ।

ਮਾਮਲੇ ਦੀ ਜਾਂਚ ਜਾਰੀ

ਫਾਇਰ ਬ੍ਰਿਗੇਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਗ ਇਸ ਚਾਰ ਮੰਜ਼ਿਲਾ ਇਮਾਰਤ ਦੇ ਗਰਾਊਂਡ ਫਲੋਰ (ਜ਼ਮੀਨੀ ਮੰਜ਼ਿਲ) ’ਤੇ ਲੱਗੇ 24 ਬਿਜਲੀ ਦੇ ਮੀਟਰਾਂ ਤੱਕ ਹੀ ਸੀਮਤ ਰਹੀ, ਜਿਸ ਕਾਰਨ ਧੂੰਆਂ ਉੱਪਰਲੀਆਂ ਮੰਜ਼ਿਲਾਂ ਵੱਲ ਫੈਲ ਗਿਆ ਸੀ। ਫਾਇਰ ਫਾਈਟਰਾਂ ਨੇ ਕੜੀ ਮੁਸ਼ੱਕਤ ਤੋਂ ਬਾਅਦ ਤੜਕੇ 2:30 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਅਧਿਕਾਰੀ ਮੁਤਾਬਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share: