ਤੜਕਸਾਰ ਆਫ਼ਤ; ਮੁੰਬਈ ’ਚ ਭਾਰੀ ਮੀਂਹ; ਕਈ ਇਲਾਕਿਆਂ ਵਿੱਚ 100MM ਤੋਂ ਵੱਧ ਬਾਰਿਸ਼ ਦਰਜ

ਤੜਕਸਾਰ ਆਫ਼ਤ; ਮੁੰਬਈ ’ਚ ਭਾਰੀ ਮੀਂਹ; ਕਈ ਇਲਾਕਿਆਂ ਵਿੱਚ 100MM ਤੋਂ ਵੱਧ ਬਾਰਿਸ਼ ਦਰਜ

ਮੁੰਬਈ : ਮੁੰਬਈ ਦੇ ਉਪ-ਨਗਰਾਂ (Suburbs) ਵਿੱਚ ਸੋਮਵਾਰ ਤੜਕਸਾਰ ਹੋਈ ਭਾਰੀ ਅਤੇ ਤੇਜ਼ ਬਾਰਸ਼ ਨੇ ਹਰ ਪਾਸੇ ਜਲਥਲ ਕਰ ਦਿੱਤਾ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਮਹਿਜ਼ ਚਾਰ ਘੰਟਿਆਂ ਦੇ ਅੰਦਰ-ਅੰਦਰ 100 ਐੱਮ.ਐੱਮ. (mm) ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਭਾਰੀ ਜਲ-ਥਲ ਹੋ ਗਿਆ ਅਤੇ ਸਵੇਰ ਦੇ ਸਮੇਂ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਬ੍ਰਿਹਨ ਮੁੰਬਈ ਨਗਰ ਨਿਗਮ (BMC) ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਪੂਰਬੀ ਉਪ-ਨਗਰ ਮੂਲੁੰਦ ਦੇ ਵੀਨਾ ਨਗਰ ਵਿੱਚ ਸਭ ਤੋਂ ਵੱਧ 160.4 ਐੱਮ.ਐੱਮ. ਬਾਰਸ਼ ਦਰਜ ਕੀਤੀ ਗਈ, ਜਦੋਂ ਕਿ ਪੱਛਮੀ ਉਪ-ਨਗਰ ਦੇ ਵਰਸੋਵਾ ਇਲਾਕੇ ਵਿੱਚ 156.8 ਐੱਮ.ਐੱਮ. ਮੀਂਹ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਧੀ ਰਾਤ ਤੋਂ ਸਵੇਰੇ 4 ਵਜੇ ਤੱਕ ਹੋਈ ਇਸ ਮੁਸਲਾਧਾਰ ਬਾਰਸ਼ ਕਾਰਨ ਮੂਲੁੰਦ ਦੇ ਐੱਲ.ਬੀ.ਐੱਸ. ਰੋਡ (LBS Road) ਦੇ ਕੁਝ ਹਿੱਸਿਆਂ ਅਤੇ ਅੰਧੇਰੀ ਸਬਵੇਅ (Andheri Subway) ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਕੁਝ ਸਮੇਂ ਲਈ ਵਾਹਨਾਂ ਦੇ ਪਹੀਏ ਥੰਮ ਗਏ। ਬੀ.ਐੱਮ.ਸੀ. ਦੇ ਆਟੋਮੈਟਿਕ ਵੈਦਰ ਸਟੇਸ਼ਨਾਂ ਮੁਤਾਬਕ ਪੂਰਬੀ ਉਪ-ਨਗਰਾਂ ਵਿੱਚ ਭਾਰੀ ਬਾਰਸ਼ ਹੋਈ, ਜਿਸ ਵਿੱਚ ਮਾਨਖੁਰਦ ਦੇ ਮਹਾਰਾਸ਼ਟਰ ਨਗਰ ਸਕੂਲ ਵਿਖੇ 123.4 ਐੱਮ.ਐੱਮ., ਪੋਵਈ ਦੇ ਪਾਸਪੋਲੀ ਮਿਊਂਸੀਪਲ ਸਕੂਲ ਵਿੱਚ 122 ਐੱਮ.ਐੱਮ., ਮੂਲੁੰਦ ਦੇ ਮਿੱਠਾਗਰ ਮਿਊਂਸੀਪਲ ਸਕੂਲ ਵਿੱਚ 120.8 ਐੱਮ.ਐੱਮ. ਅਤੇ ‘ਐੱਸ’ ਵਾਰਡ ਦਫ਼ਤਰ ਵਿਖੇ 120.6 ਐੱਮ.ਐੱਮ. ਮੀਂਹ ਪਿਆ। ਇਸੇ ਤਰ੍ਹਾਂ ਪੱਛਮੀ ਉਪ-ਨਗਰਾਂ ਵਿੱਚ ਵਰਸੋਵਾ ਪੰਪਿੰਗ ਸਟੇਸ਼ਨ ’ਤੇ 121.6 ਐੱਮ.ਐੱਮ., ਮਰੋਲ ਫਾਇਰ ਸਟੇਸ਼ਨ ‘ਤੇ 108.4 ਐੱਮ.ਐੱਮ., ਓਸ਼ੀਵਾਰਾ ਦੇ ਪ੍ਰਤੀਕਸ਼ਾ ਨਗਰ ਮਿਊਂਸੀਪਲ ਸਕੂਲ ਵਿੱਚ 108 ਐੱਮ.ਐੱਮ. ਅਤੇ ਅੰਧੇਰੀ ਦੇ ਮਾਲਪਾ ਡੋਂਗਰੀ ਮਿਊਂਸੀਪਲ ਸਕੂਲ ਵਿੱਚ 104 ਐੱਮ.ਐੱਮ. ਬਾਰਸ਼ ਰਿਕਾਰਡ ਕੀਤੀ ਗਈ।

ਦੂਜੇ ਪਾਸੇ, ਮੁੱਖ ਟਾਪੂ ਸ਼ਹਿਰ (Island City) ਵਿੱਚ ਦਰਮਿਆਨਾ ਮੀਂਹ ਪਿਆ, ਜਿੱਥੇ ਮਾਟੁੰਗਾ ਵਿੱਚ ਸਭ ਤੋਂ ਵੱਧ 53.4 ਐੱਮ.ਐੱਮ., ਰਾਵਲੀ ਕੈਂਪ ਵਿੱਚ 46.72 ਐੱਮ.ਐੱਮ., ਦਾਦਰ ਫਾਇਰ ਸਟੇਸ਼ਨ ਵਿਖੇ 45.6 ਐੱਮ.ਐੱਮ., ਮਾਲਾਬਾਰ ਹਿੱਲ ‘ਤੇ 37.2 ਐੱਮ.ਐੱਮ. ਅਤੇ ਨਾਇਰ ਹਸਪਤਾਲ ਖੇਤਰ ਵਿੱਚ 33.77 ਐੱਮ.ਐੱਮ. ਬਾਰਸ਼ ਦਰਜ ਕੀਤੀ ਗਈ ਹੈ। ਨਿਗਮ ਅਧਿਕਾਰੀਆਂ ਮੁਤਾਬਕ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਕੱਢਣ ਲਈ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।

Share: