Karachi ਵਿੱਚ ਨੀਮ ਫ਼ੌਜੀ ਬਲ ਦੇ ਕੈਂਪ ’ਤੇ Terror Attack, 6 ਹਲਾਕ

Karachi ਵਿੱਚ ਨੀਮ ਫ਼ੌਜੀ ਬਲ ਦੇ ਕੈਂਪ ’ਤੇ Terror Attack, 6 ਹਲਾਕ

ਕਰਾਚੀ : ਪਾਕਿਸਤਾਨੀ ਫ਼ੌਜ ਨੇ ਅੱਜ ਦੱਸਿਆ ਕਿ ਕਰਾਚੀ ਵਿੱਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਤਹਿਰੀਕ-ਏ-ਤਾਲਿਬਾਨ ਪਾਕਿਸਤਾਨ’ (ਟੀ ਟੀ ਪੀ) ਦੇ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਵੱਲੋਂ ਸਿੰਧ ਰੇਂਜਰਜ਼ ਦੇ ਕੈਂਪ ’ਤੇ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ ਤਿੰਨ ਅਤਿਵਾਦੀ ਅਤੇ ਨੀਮ ਫ਼ੌਜੀ ਬਲ ਦੇ ਤਿੰਨ ਜਵਾਨ ਮਾਰੇ ਗਏ ਹਨ। ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਨੇ ਕਿਹਾ ਕਿ ਅਕਤੂਬਰ 2024 ਤੋਂ ਬਾਅਦ ਇਸ ਬੰਦਰਗਾਹ ਸ਼ਹਿਰ ਕਰਾਚੀ ਵਿੱਚ ਹੋਇਆ ਇਹ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ।

ਪਾਕਿਸਤਾਨ ਰੇਂਜਰਜ਼ (ਸਿੰਧ) ਦੇ ਕੈਂਪ ’ਤੇ ਇਹ ਹਮਲਾ ਟੀ ਟੀ ਪੀ ਤੋਂ ਵੱਖ ਹੋਈ ਜਥੇਬੰਦੀ ‘ਜਮਾਤ-ਉਲ-ਅਹਿਰਾਰ’ ਦੇ ਅਤਿਵਾਦੀਆਂ ਵੱਲੋਂ ਕੀਤਾ ਗਿਆ। ਹਮਲਾ ਸ਼ਨਿਚਰਵਾਰ ਰਾਤ ਕਰੀਬ 8.30 ਵਜੇ ਹੋਇਆ, ਜਦੋਂ ਅਤਿਵਾਦੀਆਂ ਨੇ ਸੰਘਣੀ ਆਬਾਦੀ ਵਾਲੇ ਗੁਲਿਸਤਾਨ-ਏ-ਜੌਹਰ ਇਲਾਕੇ ਵਿੱਚ ਸਥਿਤ ਸਿੰਧ ਰੇਂਜਰਜ਼ ਦੀ ਭਿੱਟਾਈ ਵਿੰਗ ਦੇ ਮੁੱਖ ਗੇਟ ਵਿੱਚ ਗੱਡੀ ਨਾਲ ਟੱਕਰ ਮਾਰੀ ਅਤੇ ਅੰਦਰ ਵੜ ਕੇ ਹੱਥਗੋਲੇ ਸੁੱਟੇ, ਜਿਸ ਕਾਰਨ ਕਈ ਧਮਾਕੇ ਹੋਏ। ਇੱਕ ਸਥਾਨਕ ਵਸਨੀਕ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਲਈ ਕਿਹਾ ਸੀ।

ਭਾਰਤ ਵੱਲੋਂ ਪਾਕਿ ਦੇ ਦੋਸ਼ ਰੱਦ

ਨਵੀਂ ਦਿੱਲੀ: ਕਰਾਚੀ ਦੇ ਫ਼ੌਜੀ ਅੱਡੇ ’ਤੇ ਹੋਏ ਦਹਿਸ਼ਤੀ ਹਮਲੇ ਨਾਲ ਭਾਰਤ ਨੂੰ ਜੋੜਨ ਦੇ ਪਾਕਿਸਤਾਨ ਦੇ ਦੋਸ਼ਾਂ ਨੂੰ ਭਾਰਤ ਨੇ ਸਖ਼ਤੀ ਨਾਲ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੂੰ ਬਿਨਾਂ ਸਬੂਤ ਦੂਜਿਆਂ ’ਤੇ ਉਂਗਲ ਚੁੱਕਣ ਦੀ ਥਾਂ ਆਪਣੇ ਦੇਸ਼ ਵਿੱਚ ਮੌਜੂਦ ਅਤਿਵਾਦੀ ਢਾਂਚੇ ਖ਼ਿਲਾਫ਼ ਭਰੋਸੇਯੋਗ ਕਾਰਵਾਈ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕਰਾਚੀ ਘਟਨਾ ਬਾਰੇ ਪਾਕਿਸਤਾਨ ਵੱਲੋਂ ਭਾਰਤ ’ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਭਾਰਤ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦਾ ਹੈ; ਪਾਕਿਸਤਾਨ ਨੂੰ ਸਗੋਂ ਅਤਿਵਾਦ ਨੂੰ ਰਾਜਨੀਤਕ ਸਾਧਨ ਵਜੋਂ ਵਰਤਣ ਦੀ ਨੀਤੀ ਛੱਡਣੀ ਚਾਹੀਦੀ ਹੈ।

Share: