ਕੀ ਪੇਪਰ ਲੀਕ ਪੈਸੇ ਨਾਲ ਖ਼ਰੀਦੇ ਜਾਂਦੇ ਨੇ ਸੰਸਦ ਮੈਂਬਰ: Arvind Kejriwal

ਕੀ ਪੇਪਰ ਲੀਕ ਪੈਸੇ ਨਾਲ ਖ਼ਰੀਦੇ ਜਾਂਦੇ ਨੇ ਸੰਸਦ ਮੈਂਬਰ: Arvind Kejriwal

ਨਵੀਂ ਦਿੱਲੀ : ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੇਪਰ ਲੀਕ ਰੋਕਣ ਲਈ ਹਵਾਈ ਫੌਜ ਦੇ ਜਹਾਜ਼ਾਂ ਦੀ ਵਰਤੋਂ ਕਰਨ ਅਤੇ ਹੁਣ ਟੈਲੀਗ੍ਰਾਮ ’ਤੇ ਪਾਬੰਦੀ ਲਗਾਉਣ ਦੇ ਫ਼ੈਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਤਿੱਖੇ ਨਿਸ਼ਾਨੇ ’ਤੇ ਲਿਆ ਹੈ। ਕੇਜਰੀਵਾਲ ਨੇ ਵੀਡੀਓ ਜਾਰੀ ਕਰਦਿਆਂ ਕਿਹਾ, ‘‘ਇਹ ਸਰਕਾਰ ਪੂਰੀ ਤਰ੍ਹਾਂ ਕਾਮੇਡੀ ਸਰਕਸ ਬਣ ਚੁੱਕੀ ਹੈ। ਕੀ ਟੈਲੀਗ੍ਰਾਮ ਬੰਦ ਕਰਨ ਨਾਲ ਪੇਪਰ ਲੀਕ ਰੁਕ ਜਾਵੇਗਾ? ਸਰਕਾਰ ਦਾ ਇਰਾਦਾ ਪੇਪਰ ਲੀਕ ਰੋਕਣ ਦਾ ਹੈ ਹੀ ਨਹੀਂ।’’ ‘ਆਪ’ ਸੁਪਰੀਮੋ ਨੇ ਗੰਭੀਰ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਪੇਪਰ ਲੀਕ ਦੇ ਅਰਬਾਂ ਰੁਪਏ ਦੇ ਕਾਰੋਬਾਰ ਤੋਂ ਕਮਾਏ ਪੈਸੇ ਦੀ ਵਰਤੋਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਖ਼ਰੀਦਣ ਲਈ ਕੀਤੀ ਜਾ ਰਹੀ ਹੈ? ਉਨ੍ਹਾਂ ਦਾਅਵਾ ਕੀਤਾ ਕਿ ਇਹ ਪੈਸਾ ਉੱਪਰ ਤੱਕ ਪਹੁੰਚਦਾ ਹੈ ਅਤੇ ਵਿਧਾਇਕਾਂ ਨੂੰ ਖ਼ਰੀਦਣ ਲਈ 50-50 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਦੋਂ ਤੱਕ ਲੋਕ ਇਕੱਠੇ ਹੋ ਕੇ ਸੜਕਾਂ ’ਤੇ ਨਹੀਂ ਉਤਰਨਗੇ, ਉਦੋਂ ਤੱਕ ਇਹ ਭ੍ਰਿਸ਼ਟ ਸਿਸਟਮ ਨਹੀਂ ਬਦਲੇਗਾ।

ਈ ਡੀ ਪਾਰਟੀ ਨੇ ਸਭ ਹੱਦਾਂ ਪਾਰ ਕੀਤੀਆਂ: ਸੰਜੈ ਸਿੰਘ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕੇਂਦਰ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ, ‘‘ਵਾਹ, ਈ ਡੀ ਪਾਰਟੀ ਇੰਨੀ ਮਜ਼ਾਕੀਆ ਹੈ, ਤੁਸੀਂ ਲੋਕ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹੋ। ਕਦੇ ਤੁਸੀਂ ਹਵਾਈ ਫੌਜ ਦੀ ਵਰਤੋਂ ਕਰ ਕੇ ਪੇਪਰ ਪਹੁੰਚਾਉਣ ਦੀ ਗੱਲ ਕਰਦੇ ਹੋ, ਕਦੇ ਤੁਸੀਂ ਟੈਲੀਗ੍ਰਾਮ ਬੰਦ ਕਰ ਕੇ ਪੇਪਰ ਲੀਕ ਰੋਕਣ ਦੀ ਗੱਲ ਕਰਦੇ ਹੋ। ਤੁਸੀਂ ਕਿੰਨਾ ਡਰਾਮਾ ਕਰੋਗੇ ਭਰਾਵੋ?’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਜਿਹੇ ਗੈਰ-ਸੰਜੀਦਾ ਫ਼ੈਸਲਿਆਂ ਕਾਰਨ ਦੇਸ਼ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ ਅਤੇ ਪਾਰਟੀ ਇਸ ਮੁੱਦੇ ’ਤੇ ਚੁੱਪ ਨਹੀਂ ਬੈਠੇਗੀ।

Share: