Tribal Community ‘ਵਣਵਾਸੀ’ ਨਹੀਂ, ‘ਆਦਿਵਾਸੀ’ ਹੈ: Droupadi Murmu

Tribal Community ‘ਵਣਵਾਸੀ’ ਨਹੀਂ, ‘ਆਦਿਵਾਸੀ’ ਹੈ: Droupadi Murmu

ਬੈਤੂਲ (ਮੱਧ ਪ੍ਰਦੇਸ਼) : ਕਬਾਇਲੀਆਂ ਨੂੰ ਭਾਵੇਂ ਕੁਝ ਲੋਕ ‘ਵਣਵਾਸੀ’ ਕਹਿੰਦੇ ਹਨ ਪਰ ਅਸਲ ਵਿੱਚ ਉਹ ‘ਆਦਿਵਾਸੀ’ ਹਨ। ਆਦਿਵਾਸੀ ਸਮਾਜ ਦੁਨੀਆਂ ਦੇ ਆਰੰਭ ਤੋਂ ਹੀ ਇਸ ਧਰਤੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਜੀਵਨ ਸ਼ੈਲੀ ਕੁਦਰਤ ਅਤੇ ਅਧਿਆਤਮਿਕਤਾ ਦੇ ਬਹੁਤ ਨੇੜੇ ਹੈ। ਇਹ ਗੱਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੈਤੂਲ ਜ਼ਿਲ੍ਹੇ ਵਿੱਚ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਾ ਵੱਲੋਂ ‘ਅਧਿਆਤਮਿਕ ਜਾਗਰੂਕਤਾ ਰਾਹੀਂ ਆਦਿਵਾਸੀ ਸਮਾਜ ਦਾ ਸ਼ਕਤੀਕਰਨ’ ਵਿਸ਼ੇ ’ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਆਦਿਵਾਸੀ ਸਮਾਜ ਦਾ ਕੁਦਰਤੀ ਵਸੀਲਿਆਂ ਨਾਲ ਡੂੰਘਾ ਰਿਸ਼ਤਾ ਹੈ। ਇਹ ਸਮਾਜ ਧਰਤੀ, ਆਕਾਸ਼, ਹਵਾ, ਪਾਣੀ, ਸੂਰਜ ਅਤੇ ਚੰਦ ਦੀ ਪੂਜਾ ਕਰਦਾ ਹੈ। ਉਹ ਕੁਦਰਤ ਨਾਲ ਸਾਂਝ ਪਾ ਕੇ ਜੀਵਨ ਬਤੀਤ ਕਰਦੇ ਹਨ ਅਤੇ ਹਿੰਸਾ ਤੋਂ ਦੂਰ ਰਹਿੰਦੇ ਹਨ। ਵਿਦੇਸ਼ੀ ਰਸਾਇਣਕ ਕੀੜੇਮਾਰ ਉਪਜਾਊ ਜ਼ਮੀਨ ਨੂੰ ਬਰਾਨੀ ਬਣਾ ਰਹੇ ਹਨ। ਉਨ੍ਹਾਂ ਆਰਗੈਨਿਕ ਖੇਤੀ ਦੀ ਵਕਾਲਤ ਕੀਤੀ।

ਮੁਰਮੂ ਨੇ ਕਿਹਾ ਕਿ ਅੱਜ ਦੀ ਪਦਾਰਥਵਾਦੀ ਅਤੇ ਤਣਾਅ ਵਾਲੀ ਦੁਨੀਆਂ ਵਿੱਚ ਸ਼ਾਂਤੀ ਨਾਲ ਜੀਣ ਲਈ ਅਧਿਆਤਮਿਕ ਸ਼ੁੱਧਤਾ ਅਤੇ ਕੁਦਰਤ ਪ੍ਰਤੀ ਸੰਵੇਦਨਸ਼ੀਲ ਜੀਵਨ ਸ਼ੈਲੀ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੈ। ਅਸਲ ਸ਼ਕਤੀਕਰਨ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ ਹੁੰਦਾ, ਸਗੋਂ ਆਤਮ-ਵਿਸ਼ਵਾਸ, ਆਤਮ-ਸਨਮਾਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੁੰਦਾ ਹੈ। ਰਾਸ਼ਟਰਪਤੀ ਨੇ ਵਿਕਾਸ ਅਤੇ ਰਵਾਇਤੀ ਮੁੱਲਾਂ ਵਿਚਾਲੇ ਤਾਲਮੇਲ ਨੂੰ ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਨੀਂਹ ਦੱਸਦਿਆਂ ਲੋਕਾਂ ਨੂੰ 2047 ਤੱਕ ਇੱਕ ਵਿਕਸਿਤ, ਸਮਾਵੇਸ਼ੀ ਅਤੇ ਵਾਤਾਵਰਨ-ਅਨੁਕੂਲ ਭਾਰਤ ਦੇ ਨਿਰਮਾਣ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

Share: