ਚੰਡੀਗਡ਼੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਦੋ ਲੈਬਾਰਟਰੀਆਂ ਦੀਆਂ ਜਾਂਚ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਇਸ ਫਰਜ਼ੀ ਵੀਡੀਓ ਵਿੱਚ ਉਨ੍ਹਾਂ ਦੀ ਦਿੱਖ ਵਰਗੇ ਕਿਸੇ ਅਦਾਕਾਰ ਤੋਂ ਅਦਾਕਾਰੀ ਕਰਵਾਈ ਗਈ ਹੈ। ਪੰਜਾਬ ਤੋਂ ਬਾਹਰੀ ਦੋ ਲੈਬਾਰਟਰੀਆਂ ਤੋਂ ਵੀਡੀਓ ਦੀ ਜਾਂਚ ਕਰਵਾਈ ਗਈ ਹੈ। ਦੋਵਾਂ ਲੈਬਾਰਟਰੀਆਂ ਰਾਹੀਂ ਵੀਡੀਓ ਦੇ 1191 ਫਰੇਮਾਂ ਦੀ ਜਾਂਚ ਕਰਵਾਈ ਗਈ ਹੈ। ਇਸ ਦੌਰਾਨ 1191 ਫਰੇਮਾਂ ਵਿੱਚੋਂ ਇੱਕ ਵੀ ਫਰੇਮ ਉਨ੍ਹਾਂ ਦੇ ਚਿਹਰੇ, ਕੱਦ, ਸਰੀਰਕ ਬਣਤਰ ਜਾਂ ਦਿੱਖ ਨਾਲ ਮੇਲ ਨਹੀਂ ਖਾਂਦਾ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਮ ਸੋਸ਼ਲ ਮੀਡੀਆ ’ਤੇ ਜਾਰੀ ਆਪਣੇ ਵੀਡੀਓ ਸੁਨੇਹੇ ਰਾਹੀਂ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਸਿਆਸੀ ਅਤੇ ਸਮਾਜਿਕ ਅਕਸ ਨੂੰ ਖਰਾਬ ਕਰਨ ਲਈ ਬਣਾਈ ਗਈ ਹੈ ਪਰ ਇਸ ਮਾਮਲੇ ਸਬੰਧੀ ਡੀ ਜੀ ਪੀ ਪੰਜਾਬ ਨੂੰ ਹਦਾਇਤੀ ਕੀਤੀ ਗਈ ਹੈ ਕਿ ਵੀਡੀਓ ਬਣਾਉਣ ਵਾਲੇ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕਰ ਕੇ ਜਨਤਾ ਦੇ ਸਾਹਮਣੇ ਬੇਨਕਾਬ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ, ਉਨ੍ਹਾਂ ਦੀ ਸਰਕਾਰ ਨੇ ਅਜਿਹੇ ਫੈਸਲੇ ਲਏ ਹਨ ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਏ। ਉਨ੍ਹਾਂ ਸੰਸਦ ਮੈਂਬਰ ਹੁੰਦਿਆਂ ਸੰਸਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਈ। ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਵਾਲੀਆਂ ਗੱਡੀਆਂ ਦਾ ਟੈਕਸ ਮੁਆਫ ਕੀਤਾ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ, ਤਿੰਨ ਤਖ਼ਤ ਸਾਹਿਬਾਨ ਵਾਲੇ ਸ਼ਹਿਰਾਂ ਸ੍ਰੀ ਆਨੰਦਪੁਰ ਸਾਹਿਬ, ਤਲਵੰਡੀ ਸਾਬੋ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿਵਾਉਣ ਦਾ ਕੰਮ ਕੀਤਾ। ਇਸ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਹੈ, ਜਿਸ ਨਾਲ ਸੰਗਤ ਦੇ ਹਿਰਦਿਆਂ ਨੂੰ ਸ਼ਾਂਤੀ ਮਿਲੀ ਹੈ ਪਰ ਵਿਰੋਧੀ ਧਿਰਾਂ ਨੂੰ ਉਨ੍ਹਾਂ ਵੱਲੋਂ ਕੀਤੇ ਕੰਮ ਹਜ਼ਮ ਨਹੀਂ ਹੋ ਰਹੇ ਹਨ। ਇਸੇ ਲਈ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।
ਬਿਨਾ ਸਵਾਰਥ ਤੋਂ ਪੰਜਾਬ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ: ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਧਰਮ ਦੇ ਕਥਿਤ ਠੇਕੇਦਾਰਾਂ ਵੱਲੋਂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਅਜਿਹੀਆਂ ਸਾਜ਼ਿਸ਼ਾਂ ਉਨ੍ਹਾਂ ਨੂੰ ਲੋਕ ਸੇਵਾ ਦੇ ਰਾਹ ਤੋਂ ਪਿੱਛੇ ਨਹੀਂ ਹਟਾ ਸਕਦੀਆਂ ਅਤੇ ਉਹ ਬਿਨਾ ਕਿਸੇ ਸਵਾਰਥ ਤੋਂ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੁਦ ਨੂੰ ਸੁਖਬੀਰ ਸਿੰਘ ਬਾਦਲ ਦਾ ਵਫ਼ਾਦਾਰ ਸਿਪਾਹੀ ਦੱਸਦੇ ਹਨ, ਜਦੋਂ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦਾ ਸਿਪਾਹੀ ਹੋਣਾ ਚਾਹੀਦਾ ਸੀ। ਵਿਰੋਧੀ ਧਿਰਾਂ ਕੋਲੋਂ ਪੰਜਾਬ ਵਿੱਚ ਹੋ ਰਿਹਾ ਵਿਕਾਸ ਬਰਦਾਸ਼ਤ ਨਹੀਂ ਹੋ ਰਿਹਾ। ਇਸੇ ਲਈ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਉਨ੍ਹਾ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

