ਨਵੀਂ ਦਿੱਲੀ : ਨਿਊਜ਼ੀਲੈਂਡ ਦਾ ਮਿਡਫੀਲਡਰ ਸਰਪ੍ਰੀਤ ਸਿੰਘ ਆਲਮੀ ਫੁਟਬਾਲ ਕੱਪ ਦੇ ਕਿਸੇ ਮੈਚ ਵਿੱਚ ਸ਼ੁਰੂਆਤੀ ਟੀਮ ਵਿੱਚ ਥਾਂ ਬਣਾਉਣ ਵਾਲਾ ਭਾਰਤੀ ਮੂਲ ਦਾ ਪਹਿਲਾ ਫੁਟਬਾਲਰ ਬਣ ਗਿਆ ਹੈ। ਸਰਪ੍ਰੀਤ ਇਰਾਨ ਖ਼ਿਲਾਫ਼ 2-2 ਨਾਲ ਡਰਾਅ ਰਹੇ ਮੈਚ ਵਿੱਚ ਨਿਊਜ਼ੀਲੈਂਡ ਦੀ ਸ਼ੁਰੂਆਤੀ ਟੀਮ ਦਾ ਹਿੱਸਾ ਸੀ। ਔਕਲੈਂਡ ਵਿੱਚ ਪੰਜਾਬੀ ਮਾਪਿਆਂ ਦੇ ਘਰ ਜਨਮੇ 27 ਸਾਲਾ ਸਰਪ੍ਰੀਤ ਨੇ ਇਸ ਮੈਚ ਰਾਹੀਂ ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਵੀ ਕੀਤਾ। ਨਿਊਜ਼ੀਲੈਂਡ ਦੇ ਮੁੱਖ ਕੋਚ ਡੈਰੇਨ ਬੈਜ਼ਲੇ ਨੇ ਉਸ ਨੂੰ ਸ਼ੁਰੂਆਤੀ ਟੀਮ ਵਿੱਚ ਸ਼ਾਮਲ ਕੀਤਾ ਅਤੇ ਉਸ ਨੇ ਲਗਪਗ ਪੂਰਾ ਮੈਚ ਖੇਡਿਆ।ਉਸ ਦੀ ਥਾਂ 90ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ। 10 ਨੰਬਰ ਦੀ ਜਰਸੀ ਪਹਿਨਣ ਵਾਲੇ ਸਰਪ੍ਰੀਤ ਨੇ ਇਰਾਨ ਦੇ ਗੋਲ ’ਤੇ ਤਿੰਨ ਸ਼ਾਟ ਲਾਏ, ਪਰ ਇਨ੍ਹਾਂ ਨੂੰ ਗੋਲਾਂ ਵਿੱਚ ਨਹੀਂ ਬਦਲ ਸਕਿਆ। ਨਿਊਜ਼ੀਲੈਂਡ ਦਾ ਸਾਹਮਣਾ ਗਰੁੱਪ ‘ਜੀ’ ਦੇ ਆਪਣੇ ਦੂਜੇ ਮੈਚ ਵਿੱਚ 21 ਜੂਨ ਨੂੰ ਵੈਨਕੂਵਰ ’ਚ ਮਿਸਰ ਨਾਲ ਹੋਵੇਗਾ। ਇਸ ਤੋਂ ਦੋ ਦਿਨ ਪਹਿਲਾਂ ਆਸਟਰੇਲੀਆ ਵੱਲੋਂ ਖੇਡਣ ਵਾਲੇ ਭਾਰਤੀ ਮੂਲ ਦੇ ਇੱਕ ਹੋਰ ਖਿਡਾਰੀ ਨਿਸ਼ਾਨ ਵੈਲੂਪਿੱਲੈ ਨੇ ਕੈਨੇਡਾ ਦੇ ਵੈਨਕੂਵਰ ਵਿੱਚ ਤੁਰਕੀ ਖ਼ਿਲਾਫ਼ ਆਪਣੀ ਟੀਮ ਦੀ 2-0 ਦੀ ਜਿੱਤ ਦੌਰਾਨ ਵਿਸ਼ਵ ਕੱਪ ਵਿੱਚ ਕਦਮ ਰੱਖਿਆ ਸੀ। ਇਹ 25 ਸਾਲਾ ਨੌਜਵਾਨ 60ਵੇਂ ਮਿੰਟ ਵਿੱਚ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਤੇ ਉਤਰਿਆ ਸੀ।
ਸਰਪ੍ਰੀਤ ਨੇ 2017 ਅਤੇ 2019 ਫੀਫਾ ਅੰਡਰ-20 ਵਿਸ਼ਵ ਕੱਪ ਵਿੱਚ ਵੀ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ ਸੀ। ਮੌਜੂਦਾ ਵਿਸ਼ਵ ਕੱਪ ਤੋਂ ਪਹਿਲਾਂ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਫਰਾਂਸ ਦਾ ਵਿਕਾਸ ਧੋਰਾਸੂ ਸੀ। ਉਸ ਨੇ ਜਰਮਨੀ ਵਿੱਚ ਖੇਡੇ ਗਏ 2006 ਦੇ ਵਿਸ਼ਵ ਕੱਪ ਵਿੱਚ ਬਦਲਵੇਂ ਖਿਡਾਰੀ ਵਜੋਂ ਦੋ ਗਰੁੱਪ ਮੈਚ ਖੇਡੇ ਸਨ। ਮੌਜੂਦਾ ਟੂਰਨਾਮੈਂਟ ਵਿੱਚ ਭਾਰਤੀ ਮੂਲ ਦੇ ਦੋ ਹੋਰ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਇਹ ਖਿਡਾਰੀ ਕਾਂਗੋ ਦੇ ਸੈਮੂਅਲ ਮੌਤੂਸਾਮੀ ਅਤੇ ਕਤਰ ਦੇ ਤਹਿਸੀਨ ਮੁਹੰਮਦ ਜਮਸ਼ੇਦ ਹਨ।

