ਮੁੰਬਈ : ਬੁੱਧਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧੇ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹ ਗਏ। ਆਪਣੀ ਤੇਜ਼ੀ ਨੂੰ ਚੌਥੇ ਦਿਨ ਵੀ ਜਾਰੀ ਰੱਖਦਿਆਂ, 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 271.61 ਅੰਕ ਹੋਰ ਚੜ੍ਹ ਕੇ 77,080.09 ’ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 55.35 ਅੰਕਾਂ ਦੇ ਵਾਧੇ ਨਾਲ 24,044.50 ’ਤੇ ਰਿਹਾ। 30 ਸੈਂਸੈਕਸ ਕੰਪਨੀਆਂ ਵਿੱਚੋਂ, ਟ੍ਰੈਂਟ, ਇੰਫੋਸਿਸ, ਟੈੱਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈੱਕ ਅਤੇ ਈਟਰਨਲ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਸਨ।
ਐਕਸਿਸ ਬੈਂਕ, ਬਜਾਜ ਫਾਇਨਾਂਸ, ਐਨਟੀਪੀਸੀ ਅਤੇ ਅਡਾਨੀ ਪੋਰਟਸ ਗਿਰਾਵਟ ਵਾਲੀਆਂ ਕੰਪਨੀਆਂ ਵਿੱਚ ਸ਼ਾਮਲ ਸਨ। ਗਲੋਬਲ ਆਇਲ ਬੈਂਚਮਾਰਕ, ਬ੍ਰੈਂਟ ਕਰੂਡ, 0.49 ਫੀਸਦੀ ਦੀ ਗਿਰਾਵਟ ਨਾਲ 78.44 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਜ਼ਿਆਦਾਤਰ ਗਿਰਾਵਟ ਨਾਲ ਬੰਦ ਹੋਏ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਮੰਗਲਵਾਰ ਨੂੰ ਇੱਕ ਦਿਨ ਦੇ ਵਿਰਾਮ ਤੋਂ ਬਾਅਦ 749.18 ਕਰੋੜ ਰੁਪਏ ਦੇ ਸ਼ੇਅਰ ਵੇਚੇ। ਮੰਗਲਵਾਰ ਨੂੰ, ਸੈਂਸੈਕਸ 544.15 ਅੰਕ ਜਾਂ 0.71 ਫੀਸਦੀ ਦੀ ਛਾਲ ਮਾਰ ਕੇ 76,808.48 ’ਤੇ ਬੰਦ ਹੋਇਆ ਸੀ। ਨਿਫਟੀ 135.25 ਅੰਕ ਜਾਂ 0.57 ਫੀਸਦੀ ਚੜ੍ਹ ਕੇ 23,989.15 ’ਤੇ ਬੰਦ ਹੋਇਆ ਸੀ।

