Philippines ’ਚ Earthquake ਕਾਰਨ 32 ਹਜ਼ਾਰ ਤੋਂ ਵੱਧ ਲੋਕ ਬੇਘਰ

Philippines ’ਚ Earthquake ਕਾਰਨ 32 ਹਜ਼ਾਰ ਤੋਂ ਵੱਧ ਲੋਕ ਬੇਘਰ

ਜਨਰਲ ਸੈਂਟੋਸ (ਫਿਲਪੀਨਜ਼):  ਫਿਲਪੀਨਜ਼ ’ਚ ਆਏ ਜ਼ੋਰਦਾਰ ਭੂਚਾਲ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ ਅਤੇ 32 ਹਜ਼ਾਰ ਤੋਂ ਵਧ ਲੋਕ ਬੇਘਰ ਹੋ ਗਏ ਹਨ। ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਭੂਚਾਲ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਬਚਾਅ ਕਰਮੀ ਹਾਲੇ ਵੀ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਭੂਚਾਲ ਦਾ ਕੇਂਦਰ ਮਿੰਡਾਨਾਓ ਟਾਪੂ ਨੇੜੇ ਸਮੁੰਦਰ ’ਚ ਸੀ। ਭੂਚਾਲ ਕਾਰਨ ਲਗਪਗ 500 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਸਕੂਲੀ ਬੱਚਿਆਂ ਦੀ ਹੈ, ਜੋ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਦੀ ਸਭਾ ਲਈ ਇਕੱਠੇ ਹੋਏ ਸਨ। ਭੂਚਾਲ ਕਾਰਨ ਜਨਰਲ ਸੈਂਟੋਸ ਸ਼ਹਿਰ ’ਚ 13 ਅਤੇ ਸਾਰੰਗਾਨੀ ਸੂਬੇ ’ਚ ਜ਼ਮੀਨ ਖਿਸਕਣ ਕਾਰਨ 18 ਵਿਅਕਤੀਆਂ ਦੀ ਮੌਤ ਹੋਈ ਹੈ। ਸਰਕਾਰੀ ਮੁਲਾਂਕਣ ਅਨੁਸਾਰ ਲਗਪਗ 2,500 ਘਰ ਅਤੇ 117 ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਕਰੀਬ 6,000 ਸਰਕਾਰੀ ਸਕੂਲਾਂ ਦੀ ਜਾਂਚ ਹੋਣ ਤੱਕ ਜਮਾਤਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਨਰਲ ਸੈਂਟੋਸ ਦਾ ਕੌਮਾਂਤਰੀ ਹਵਾਈ ਅੱਡਾ ਵੀ ਬੰਦ ਹੈ, ਜਿਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਮਾਹਿਰਾਂ ਮੁਤਾਬਕ ਭੂਚਾਲ ਕੋਟਾਬਾਟੋ ਖੱਡਾਂ ’ਚ ਹਲਚਲ ਕਾਰਨ ਆਇਆ, ਜੋ 1976 ਤੋਂ ਬਾਅਦ ਇਸ ਖ਼ਿੱਤੇ ’ਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਅਮਰੀਕਾ, ਫਰਾਂਸ, ਜਪਾਨ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਨੇ ਫਿਲਪੀਨਜ਼ ਨੂੰ ਇਸ ਮੁਸ਼ਕਲ ਘੜੀ ’ਚ ਹਰਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਭੂਚਾਲ ਦੇ ਹੋਰ ਝਟਕਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

Share: