TMC Crisis: ਤ੍ਰਿਣਮੂਲ ਕਾਂਗਰਸ ਦਾ ਸੰਸਦੀ ਗਰੁੱਪ ‘ਦੋਫਾੜ’

TMC Crisis: ਤ੍ਰਿਣਮੂਲ ਕਾਂਗਰਸ ਦਾ ਸੰਸਦੀ ਗਰੁੱਪ ‘ਦੋਫਾੜ’

ਕੋਲਕਾਤਾ : ਤ੍ਰਿਣਮੂਲ ਕਾਂਗਰਸ ਵਿੱਚ ਜਾਰੀ ਸੰਕਟ ਸੋਮਵਾਰ ਨੂੰ ਹੋਰ ਡੂੰਘਾ ਹੋ ਗਿਆ, ਜਦੋਂ ਪਾਰਟੀ ਦੇ 20 ਲੋਕ ਸਭਾ ਮੈਂਬਰਾਂ ਨੇ ਮੁੱਖ ਵ੍ਹਿਪ ਕਾਕੋਲੀ ਘੋਸ਼ ਦਸਤੀਦਾਰ ਦੀ ਅਗਵਾਈ ਹੇਠ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਝਜੋੜ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਕਦਮ ਨਾਲ ਟੀ ਐੱਮ ਸੀ ਦੇ ਲੋਕ ਸਭਾ ਸੰਸਦੀ ਦਲ ਵਿੱਚ ਫੁੱਟ ਪੈ ਗਈ ਹੈ ਅਤੇ ਮਮਤਾ ਬੈਨਰਜੀ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਟੀ ਐੱਮ ਸੀ ਦੇ 58 ਵਿਧਾਇਕਾਂ ਨੇ ਪਾਰਟੀ ਹਾਈਕਮਾਂਡ ਦੇ ਫ਼ੈਸਲੇ ਨੂੰ ਨਜ਼ਰਅੰਦਾਜ਼ ਕਰਦਿਆਂ ਸੋਵਨਦੇਬ ਚਟੋਪਾਧਿਆਏ ਦੀ ਥਾਂ ਬਾਗ਼ੀ ਵਿਧਾਇਕ ਰਿਤਾਬ੍ਰਤ ਬੈਨਰਜੀ ਨੂੰ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਹੈ। ਕਾਕੋਲੀ ਘੋਸ਼ ਨੇ ਕਿਹਾ ਕਿ ਉਨ੍ਹਾਂ ਸਮੇਤ ਕਰੀਬ 20 ਸੰਸਦ ਮੈਂਬਰਾਂ ਨੇ ਸਪੀਕਰ ਨੂੰ ਐੱਨ ਡੀ ਏ ਨੂੰ ਸਮਰਥਨ ਦੇਣ ਦੀ ਜਾਣਕਾਰੀ ਦਿੱਤੀ ਹੈ। ਬਾਗ਼ੀ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਕਾਕੋਲੀ ਅਜੇ ਵੀ ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੀ ਮੁੱਖ ਵ੍ਹਿਪ ਹਨ, ਕਿਉਂਕਿ ਉਨ੍ਹਾਂ ਨੂੰ ਹਟਾਉਣ ਅਤੇ ਕਲਿਆਣ ਬੈਨਰਜੀ ਦੀ ਨਿਯੁਕਤੀ ਦੀ ਸੂਚਨਾ ਲੋਕ ਸਭਾ ਸਕੱਤਰੇਤ ਨੂੰ ਨਹੀਂ ਭੇਜੀ ਗਈ।

ਸੂਤਰਾਂ ਅਨੁਸਾਰ, ਇਹ ਸੰਸਦ ਮੈਂਬਰ ਫਿਲਹਾਲ ਨਾ ਤਾਂ ਤ੍ਰਿਣਮੂਲ ਕਾਂਗਰਸ ਛੱਡਣਗੇ ਅਤੇ ਨਾ ਹੀ ਭਾਜਪਾ ਵਿੱਚ ਸ਼ਾਮਲ ਹੋਣਗੇ। ਉਹ ਵੱਖਰੇ ਸੰਸਦੀ ਗਰੁੱਪ ਵਜੋਂ ਕੰਮ ਕਰਦੇ ਹੋਏ ਐੱਨ ਡੀ ਏ ਦਾ ਸਮਰਥਨ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਦਲ ਬਦਲ ਵਿਰੋਧੀ ਕਾਨੂੰਨ ਤਹਿਤ ਸੁਰੱਖਿਆ ਮਿਲ ਸਕਦੀ ਹੈ। ਲੋਕ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਦੇ ਕੁਲ 28 ਮੈਂਬਰ ਹਨ ਅਤੇ ਇਕ ਸੀਟ ਬਸੀਰਹਾਟ ਦੇ ਸੰਸਦ ਮੈਂਬਰ ਹਾਜੀ ਨੂਰਉਲ ਇਸਲਾਮ ਦੀ ਮੌਤ ਕਾਰਨ ਖਾਲੀ ਹੋਈ ਹੈ।

ਤ੍ਰਿਣਮੂਲ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਪੁੱਜੀ

ਕੋਲਕਾਤਾ: ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਪੱਛਮੀ ਬੰਗਾਲ ਵਿਧਾਨ ਸਭਾ ਸਪੀਕਰ ਦੇ ਉਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਜਿਸ ਵਿੱਚ ਪਾਰਟੀ ਤੋਂ ਵੱਖ ਹੋਏ ਧੜੇ ਦੇ ਨੇਤਾ ਰਿਤਾਬ੍ਰਤ ਬੈਨਰਜੀ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿੱਤੀ ਗਈ ਸੀ। ਟੀ ਐੱਮ ਸੀ ਦੇ ਵਕੀਲ ਨੇ ਇਸ ਮਾਮਲੇ ’ਤੇ ਫੌਰੀ ਸੁਣਵਾਈ ਦੀ ਮੰਗ ਕਰਦਿਆਂ ਕਿਹਾ ਕਿ 18ਵੀਂ ਪੱਛਮੀ ਬੰਗਾਲ ਵਿਧਾਨ ਸਭਾ ਦਾ ਪਹਿਲਾ ਸੈਸ਼ਨ 18 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਜਸਟਿਸ ਕ੍ਰਿਸ਼ਨ ਰਾਓ ਨੇ ਹੁਕਮ ਦਿੱਤਾ ਹੈ ਕਿ ਪਟੀਸ਼ਨ ’ਤੇ 11 ਜੂਨ ਨੂੰ ਸਭ ਤੋਂ ਪਹਿਲਾਂ ਸੁਣਵਾਈ ਕੀਤੀ ਜਾਵੇ। ਉਨ੍ਹਾਂ ਪਟੀਸ਼ਨਰ ਦੇ ਵਕੀਲ ਨੂੰ ਇਸ ਮਾਮਲੇ ਵਿੱਚ ਸਬੰਧਤ ਧਿਰਾਂ ਨੂੰ ਨੋਟਿਸ ਭੇਜਣ ਲਈ ਕਿਹਾ ਹੈ। ਪਟੀਸ਼ਨ ਵਿੱਚ ਸਪੀਕਰ ਨੂੰ ਮੁੱਖ ਧਿਰ ਬਣਾਇਆ ਗਿਆ ਹੈ।

Share: