AAP ਦੀ ਜੁਗਤ: ਕਬੱਡੀ ਖਿਡਾਰੀ ਤੇ ਪਹਿਲਵਾਨ ਬਣਨਗੇ ‘ਰੋਲ ਮਾਡਲ’

AAP ਦੀ ਜੁਗਤ: ਕਬੱਡੀ ਖਿਡਾਰੀ ਤੇ ਪਹਿਲਵਾਨ ਬਣਨਗੇ ‘ਰੋਲ ਮਾਡਲ’

ਚੰਡੀਗਡ਼੍ਹ : ਆਮ ਆਦਮੀ ਪਾਰਟੀ ਨੇ ਹੁਣ ਕਬੱਡੀ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਆਪਣੇ ਪਾਲੇ ’ਚ ਖਿੱਚਣ ਦਾ ਪੈਂਤੜਾ ਲਿਆ ਹੈ ਤਾਂ ਜੋ ਆਗਾਮੀ 2027 ਦੇ ਸਿਆਸੀ ਮੈਚ ਤੋਂ ਪਹਿਲਾਂ ਜਵਾਨੀ ਅੱਗੇ ਇਨ੍ਹਾਂ ਖੇਡ ਸਿਤਾਰਿਆਂ ਨੂੰ ਰੋਲ ਮਾਡਲ ਦੇ ਤੌਰ ’ਤੇ ਪੇਸ਼ ਕੀਤਾ ਜਾ ਸਕੇ। ਪਿਛਲੇ ਦਿਨਾਂ ’ਚ ਕਈ ਪਹਿਲਵਾਨ ’ਤੇ ਕਬੱਡੀ ਜਗਤ ਦੇ ਮਸ਼ਹੂਰ ਖਿਡਾਰੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਪਤਾ ਲੱਗਿਆ ਹੈ ਕਿ ਸੂਬਾ ਸਰਕਾਰ ‘ਪੰਜਾਬ ਕਬੱਡੀ ਲੀਗ’ ਸ਼ੁਰੂ ਕਰਨਾ ਚਾਹੁੰਦੀ ਹੈ।

ਪੰਜਾਬ ਸਰਕਾਰ ਨੇ ਪਹਿਲੀ ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਖੇਡ ਭਲਾਈ ਬੋਰਡ ਵੀ ਬਣਾਇਆ ਹੈ, ਜਿਸ ਦਾ ਚੇਅਰਮੈਨ ਤਰਨ ਤਾਰਨ ਦੇ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਲਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕਬੱਡੀ ਖਿਡਾਰੀ ਅਤੇ ਪਹਿਲਵਾਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਰੋਲ ਮਾਡਲ ਬਣਨਗੇ। ਤਿੰਨ ਦਿਨ ਪਹਿਲਾਂ ਹੀ ਕੌਮਾਂਤਰੀ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰੀਆ (ਚੀਤਾ) ਛੇ ਹੋਰ ਖਿਡਾਰੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਿਛਲੇ ਦਿਨਾਂ ਦੌਰਾਨ ਨੀਟ ਪੇਪਰ ਲੀਕ, ਸੀ ਬੀ ਐੱਸ ਈ ਪ੍ਰੀਖਿਆਵਾਂ ’ਚ ਔਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ’ਤੇ ਬੋਲਣ ਤੋਂ ਇਲਾਵਾ ਕੌਕਰੋਚ ਜਨਤਾ ਪਾਰਟੀ ’ਤੇ ਵੀ ਗੱਲ ਰੱਖ ਚੁੱਕੇ ਹਨ। ਇਸ ਤੋਂ ਇਲਾਵਾ ‘ਆਪ’ ਕਈ ਨੌਜਵਾਨ ਚਿਹਰਿਆਂ ਰਾਘਵ ਚੱਢਾ, ਹਰਭਜਨ ਸਿੰਘ ਤੇ ਸੰਦੀਪ ਪਾਠਕ ਆਦਿ ਨੂੰ ਗੁਆ ਚੁੱਕੀ ਹੈ। ਪਾਰਟੀ ਨੇ ਮਹਿਸੂਸ ਕੀਤਾ ਹੈ ਕਿ ਕਾਰੋਬਾਰੀਆਂ ਨਾਲੋਂ ਖਿਡਾਰੀ ਬਿਹਤਰ ਰੋਲ ਮਾਡਲ ਹਨ ਜੋ ਨੌਜਵਾਨਾਂ ਦੇ ਦਿਲਾਂ ’ਚ ਛੇਤੀ ਉੱਤਰ ਜਾਂਦੇ ਹਨ ਅਤੇ ਜਵਾਨੀ ਦੀ ਖਿਡਾਰੀਆਂ ਪ੍ਰਤੀ ਖਿੱਚ ਵੀ ਬਰਕਰਾਰ ਰਹਿੰਦੀ ਹੈ। ਚੋਣਾਂ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਪੰਜਾਬ ’ਚ ਇਸ ਵੇਲੇ 18-29 ਉਮਰ ਵਰਗ ਦੇ 21.44 ਫ਼ੀਸਦੀ ਵੋਟਰ ਹਨ। ‘ਆਪ’ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਸਿੱਧ ਖਿਡਾਰੀਆਂ ਦੇ ਪਾਰਟੀ ਨਾਲ ਜੁੜਨ ਕਰ ਕੇ ਨੌਜਵਾਨਾਂ ’ਚ ਇੱਕ ਸੁਨੇਹਾ ਜਾਵੇਗਾ। ਪਿਛਲੇ ਹਫ਼ਤਿਆਂ ’ਚ ਆਮ ਆਦਮੀ ਪਾਰਟੀ ’ਚ ਮਸ਼ਹੂਰ ਜਾਫੀ ਪਾਲਾ ਜਲਾਲਪੁਰੀਆ ਅਤੇ ਪ੍ਰਸਿੱਧ ਖਿਡਾਰੀ ਸੰਦੀਪ ਲੁੱਧੜ ਵੀ ਸ਼ਾਮਲ ਹੋਏ ਹਨ।

ਇਨ੍ਹਾਂ ਖਿਡਾਰੀਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪ੍ਰਸਿੱਧ ਖਿਡਾਰੀਆਂ ਦੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ ’ਚ ਫਾਲੋਅਰਜ਼ ਵੀ ਹਨ। ਮਾਝਾ, ਮਾਲਵਾ ਤੇ ਦੁਆਬੇ ਦੇ ਖਿੱਤਿਆਂ ’ਚ ਸਥਾਨਕ ਪੱਧਰ ’ਤੇ ਇਨ੍ਹਾਂ ਦੇ ਮਜ਼ਬੂਤ ਸਬੰਧ ਵੀ ਹਨ।

Share: