French Open: Maja Chwalinska ਤੇ Mirra Andreeva ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

French Open: Maja Chwalinska ਤੇ Mirra Andreeva ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

ਪੈਰਿਸ : ਜੇ ਫਰੈਂਚ ਓਪਨ ਮਹਿਲਾ ਸਿੰਗਲਜ਼ ਦਾ ਫਾਈਨਲ ਕਾਗਜ਼ ’ਤੇ ਇੱਕ ਉੱਭਰਦੀ ਹੋਈ ਨੌਜਵਾਨ ਸਟਾਰ ਅਤੇ ਇੱਕ ਗੁਮਨਾਮ ਕੁਆਲੀਫਾਇਰ ਖਿਡਾਰਨ ਵਿਚਾਲੇ ਇੱਕਪਾਸੜ ਮੁਕਾਬਲਾ ਲੱਗਦਾ ਹੈ, ਤਾਂ ਪੋਲੈਂਡ ਦੀ ਮਾਯਾ ਖਾਲਿੰਸਕਾ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਸਾਬਤ ਕਰ ਦਿੱਤਾ ਹੈ ਕਿ ਜੋ ਦਿਖਾਈ ਦਿੰਦਾ ਹੈ, ਉਹ ਹਮੇਸ਼ਾ ਸੱਚ ਨਹੀਂ ਹੁੰਦਾ। ਰੂਸ ਦੀ ਅੱਠਵਾਂ ਦਰਜਾ ਪ੍ਰਾਪਤ ਮੀਰਾ ਆਂਦਰੀਵਾ ਸ਼ਨਿਚਰਵਾਰ ਨੂੰ ਹੋਣ ਵਾਲੇ ਇਸ ਖ਼ਿਤਾਬੀ ਮੁਕਾਬਲੇ ਵਿੱਚ ਜਿੱਤ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਤਰੇਗੀ। ਉਸ ਨੇ ਆਪਣੇ ਪਿਛਲੇ ਤਿੰਨ ਮੈਚਾਂ ਵਿੱਚ ਸਿਰਫ਼ 12 ਗੇਮਾਂ ਗੁਆ ਕੇ ਵਿਰੋਧੀਆਂ ਨੂੰ ਹੂੰਝਾ ਫੇਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਅਤੇ ਉਹ ਪੂਰੀ ਤਰ੍ਹਾਂ ਇੱਕ ਭਵਿੱਖ ਦੀ ਗ੍ਰੈਂਡ ਸਲੈਮ ਚੈਂਪੀਅਨ ਨਜ਼ਰ ਆ ਰਹੀ ਹੈ।

ਨੈੱਟ ਦੇ ਦੂਜੇ ਪਾਸੇ ਅਜਿਹੀ ਖਿਡਾਰਨ ਖੜ੍ਹੀ ਹੋਵੇਗੀ ਜਿਸ ਦਾ ਇਹ ਅਸੰਭਵ ਲੱਗਣ ਵਾਲਾ ਸਫ਼ਰ ਇਸ ਟੂਰਨਾਮੈਂਟ ਦੀਆਂ ਸਭ ਤੋਂ ਵੱਡੀਆਂ ਕਹਾਣੀਆਂ ਵਿੱਚ ਸ਼ੁਮਾਰ ਹੋ ਗਿਆ ਹੈ। ਖਾਲਿੰਸਕਾ ਜਦੋਂ ਪੈਰਿਸ ਆਈ ਸੀ ਤਾਂ ਉਹ ਦੁਨੀਆ ਵਿੱਚ 114ਵੇਂ ਸਥਾਨ ’ਤੇ ਸੀ ਅਤੇ ਮੁੱਖ ਡਰਾਅ ਵਿੱਚ ਪਹੁੰਚਣ ਲਈ ਉਸ ਨੂੰ ਤਿੰਨ ਕੁਆਲੀਫਾਇੰਗ ਮੈਚ ਜਿੱਤਣੇ ਪਏ। ਉਪਰੰਤ ਲਗਾਤਾਰ ਨੌਂ ਜਿੱਤਾਂ ਦਰਜ ਕਰ ਕੇ ਇਹ 24 ਸਾਲਾ ਖਿਡਾਰਨ ਹੁਣ ਅਣਕਿਆਸੇ ਗ੍ਰੈਂਡ ਸਲੈਮ ਖ਼ਿਤਾਬਾਂ ਵਿੱਚੋਂ ਇੱਕ ਨੂੰ ਜਿੱਤਣ ਤੋਂ ਮਹਿਜ਼ ਇੱਕ ਕਦਮ ਦੂਰ ਹੈ। ਇਸੇ ਦੌਰਾਨ ਅੱਜ ਐਲੇਗਜ਼ੈਂਡਰ ਜ਼ਵੇਰੇਵ ਨੇ ਫਰੈਂਚ ਓਪਨ ਦੇ ਸੈਮੀ ਫਾਈਨਲ ਵਿੱਚ ਚੈੱਕ ਗਣਰਾਜ ਦੇ ਯਾਕੂਬ ਮੈਨਸਿਕ ਨੂੰ 7-5, 6-2, 3-6, 6-3 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਉਸ ਦਾ ਸਾਹਮਣਾ 14ਵੇਂ ਰੈਂਕ ਵਾਲੇ ਫਲੈਵਿਓ ਕੋਬੋਲੀ ਜਾਂ 104ਵੇਂ ਰੈਂਕ ਵਾਲੇ ਮਾਤੀਓ ਅਰਨਾਲਡੀ ਨਾਲ ਹੋਵੇਗਾ।

Share: