ਵਿੰਨੀਪੈੱਗ : ਡਰਹਮ ਰਿਜਨਲ ਪੁਲੀਸ ਸਰਵਿਸ (DRPS) ਨੇ ਅੱਜ ‘ਪ੍ਰੋਜੈਕਟ ਜੈੱਟ ਸੈਂਟਰ’ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਕੈਨੇਡਾ ਵਿੱਚ ਦਾਖ਼ਲ ਹੋ ਕੇ ਸੰਗਠਿਤ ਢੰਗ ਨਾਲ ਅਪਰਾਧ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਚਲਾਈ ਗਈ ਇੱਕ ਵਿਸ਼ਾਲ ਜਾਂਚ ਅਤੇ ਕਾਰਵਾਈ ਸੀ। ਪੁਲੀਸ ਅਨੁਸਾਰ, ‘ਪ੍ਰੋਜੈਕਟ ਜੈੱਟ ਸੈਂਟਰ’ ਡਰਹਮ ਖੇਤਰ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਚੱਲ ਰਹੀਆਂ ਕਈ ਵੱਡੀਆਂ ਜਾਂਚਾਂ ਦਾ ਨਤੀਜਾ ਹੈ। ਇਸ ਤਹਿਤ ਉਨ੍ਹਾਂ ਸੰਗਠਿਤ ਗਿਰੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਵੱਡੇ ਵਿੱਤੀ ਲਾਭ ਲਈ ਕੈਨੇਡਾ ਆ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਗਤੀਵਿਧੀਆਂ ਅਚਨਚੇਤ ਨਹੀਂ ਸਗੋਂ ਯੋਜਨਾਬੱਧ, ਤਾਲਮੇਲ ਵਾਲੀਆਂ ਅਤੇ ਮੁਨਾਫ਼ਾ ਕੇਂਦਰਿਤ ਹਨ। ਡੀ ਆਰ ਪੀ ਐੱਸ (DRPS) ਦੀ ਫਾਇਨੈਂਸ਼ਲ ਕ੍ਰਾਈਮ ਯੂਨਿਟ ਨੇ ਨੌਂ ਤੋਂ ਵੱਧ ਵੱਖ-ਵੱਖ ਜਾਂਚਾਂ ਅਤੇ 5,000 ਤੋਂ ਜ਼ਿਆਦਾ ਜਾਂਚ ਘੰਟਿਆਂ ਦੌਰਾਨ ਅਜਿਹੀਆਂ 200 ਤੋਂ ਵੱਧ ਘਟਨਾਵਾਂ ਦਾ ਪਤਾ ਲਗਾਇਆ ਹੈ। ਇਨ੍ਹਾਂ ਕਾਰਨ ਸਿਰਫ਼ ਡਰਹਮ ਖੇਤਰ ਵਿੱਚ ਹੀ 26.1 ਲੱਖ ਡਾਲਰ ਤੋਂ ਵੱਧ ਦੇ ਪੁਸ਼ਟੀਸ਼ੁਦਾ ਵਿੱਤੀ ਨੁਕਸਾਨ ਹੋਏ ਹਨ। ਇਸ ਮਾਮਲੇ ਵਿੱਚ ਪੰਜਾਬੀ ਮੂਲ ਦੇ ਅਰਸ਼ ਅਤੇ ਅਰਮਾਨ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਜਗਦੀਪ ਸਿੰਘ, ਗੁਰਪ੍ਰੀਤ ਕੌਰ, ਅਰਸ਼ਦੀਪ ਗੁਰਮ, ਹਰਸਿਮਰਨ ਸਿੰਘ ਢਿੱਲੋਂ, ਅਰਸ਼ਜੋਤ ਸਿੰਘ ਢਿੱਲੋਂ, ਅਮਰਜੀਤ ਸਿੰਘ ਗਿੱਲ, ਗੁਰਿੰਦਰ ਸਿੰਘ, ਪ੍ਰਦੀਪ ਕੁਮਾਰ, ਸ਼ੇਰ ਸਿੰਘ, ਪਰਮਜੀਤ ਸਿੰਘ, ਜਸਦੀਪ ਸਿੰਘ ਅਤੇ ਨਿਤਿਕਾ ਸਿੰਗਲਾ ਆਦਿ ਪੁਲੀਸ ਨੂੰ ਲੋੜੀਂਦੇ (ਵਾਂਟੇਡ) ਹਨ।
ਜਾਂਚ ਦੌਰਾਨ ਵੱਡੇ ਪੱਧਰ ਦੀਆਂ ਰਿਟੇਲ ਚੋਰੀਆਂ, ਵਾਹਨ ਖ਼ਰੀਦਣ ਸੰਬੰਧੀ ਧੋਖਾਧੜੀ, ਵਾਹਨ ਵਿੱਤੀ (ਫਾਇਨਾਂਸ਼ੀਅਲ) ਘਪਲੇ, ਬੀਮਾ ਰਕਮ ਹਾਸਲ ਕਰਨ ਲਈ ਨਕਲੀ ਹਾਦਸੇ, ਗਹਿਣਿਆਂ ਦੀ ਚਲਾਕੀ ਨਾਲ ਚੋਰੀ ਅਤੇ ਵਾਹਨਾਂ ਤੇ ਹੋਰ ਸਾਮਾਨ ਦੀ ਚੋਰੀ ਕਰਕੇ ਨਿਰਯਾਤ (ਐਕਸਪੋਰਟ) ਕਰਨ ਵਰਗੀਆਂ ਕਈ ਸੰਗਠਿਤ ਅਪਰਾਧਿਕ ਗਤੀਵਿਧੀਆਂ ਬੇਨਕਾਬ ਹੋਈਆਂ ਹਨ। ਪੁਲੀਸ ਨੇ ਕਿਹਾ ਕਿ ਇਹ ਅਪਰਾਧ ਇੱਕੋ ਢਾਂਚੇ (ਸਿਸਟਮ) ਅਧੀਨ ਵਾਰ-ਵਾਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਮਕਸਦ ਵੱਧ ਤੋਂ ਵੱਧ ਆਰਥਿਕ ਲਾਭ ਕਮਾਉਣਾ ਹੁੰਦਾ ਹੈ।
ਡੀ ਆਰ ਪੀ ਐੱਸ (DRPS) ਮੁਤਾਬਕ, ਇਨ੍ਹਾਂ ਅਪਰਾਧਾਂ ਦਾ ਸਥਾਨਕ ਭਾਈਚਾਰਿਆਂ, ਕਾਰੋਬਾਰਾਂ ਅਤੇ ਖ਼ਾਸ ਕਰਕੇ ਬਜ਼ੁਰਗਾਂ ਉੱਤੇ ਗੰਭੀਰ ਅਸਰ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸੁਰੱਖਿਆ ਅਤੇ ਨਿੱਜੀ ਸੁਰੱਖਿਆ ਦੋਵੇਂ ਪ੍ਰਭਾਵਿਤ ਹੁੰਦੀਆਂ ਹਨ। ਇਨ੍ਹਾਂ ਜਾਂਚਾਂ ਦੇ ਨਤੀਜੇ ਵਜੋਂ ਹੁਣ ਤੱਕ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 164 ਹੋਰ ਮੁਲਜ਼ਮ ਅਜੇ ਵੀ ਪੁਲੀਸ ਨੂੰ ਲੋੜੀਂਦੇ ਹਨ। ਪੁਲੀਸ ਨੇ ਦੱਸਿਆ ਕਿ ‘ਪ੍ਰੋਜੈਕਟ ਜੈੱਟ ਸੈਂਟਰ’ ਨਾਲ ਸਬੰਧਿਤ ਜਾਂਚਾਂ ਦਾ ਸਿਲਸਿਲਾ 2019 ਤੋਂ ਚੱਲ ਰਿਹਾ ਹੈ ਅਤੇ ਹੁਣ ਤੱਕ 1,440 ਤੋਂ ਵੱਧ ਧਾਰਾਵਾਂ ਲਗਾਈ ਜਾ ਚੁੱਕੀਆਂ ਹਨ। ਹੋਰ ਮਾਮਲਿਆਂ ਦੀ ਪਛਾਣ ਲਈ ਜਾਂਚ ਅਜੇ ਵੀ ਜਾਰੀ ਹੈ।
