Patiala PSPCL Protest: ਪਾਵਰਕੌਮ ਦਫ਼ਤਰ ਅੱਗੇ ਅਪ੍ਰੈਂਟਿਸਾਂ ’ਤੇ ਲਾਠੀਚਾਰਜ

Patiala PSPCL Protest: ਪਾਵਰਕੌਮ ਦਫ਼ਤਰ ਅੱਗੇ ਅਪ੍ਰੈਂਟਿਸਾਂ ’ਤੇ ਲਾਠੀਚਾਰਜ

ਪਟਿਆਲਾ : ਸਹਾਇਕ ਲਾਈਨਮੈਨ ਦੀ ਛੇ ਮਹੀਨਿਆਂ ਤੋਂ ਅਪ੍ਰੈਂਟਿਸਸ਼ਿਪ ਕਰ ਰਹੇ ਪੰਜਾਬ ਦੇ 2600 ਨੌਜਵਾਨਾਂ ਦੀ ਨੁਮਾਇੰਦਾ ਜਥੇਬੰਦੀ ਵੱਲੋਂ ਨੌਕਰੀ ਲਈ ਇੱਥੇ ਸਥਿਤ ਪਾਵਰਕੌਮ ਦਫ਼ਤਰ ਅੱਗੇ ਪੰਜ ਦਿਨਾਂ ਤੋਂ ਲਾਏ ਪੱਕੇ ਮੋਰਚੇ ਦੇ ਪੰਜਵੇਂ ਦਿਨ ਅੱਜ ਪੁਲੀਸ ਨੇ ਇਨ੍ਹਾਂ ’ਤੇ ਜ਼ਬਰਦਸਤ ਲਾਠੀਚਾਰਜ ਕੀਤਾ। ਇਸ ਦੌਰਾਨ ਪੁਲੀਸ ਲਾਠੀਚਾਰਜ ਖ਼ਿਲਾਫ਼ ਪਾਵਰਕਾਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਕਈ ਪ੍ਰਮੁੱਖ ਜਥੇਬੰਦੀਆਂ ਵੱਲੋਂ 16 ਅਤੇ 17 ਜੂਨ ਨੂੰ ਦੋ ਰੋਜ਼ਾ ਸੂਬਾਈ ਹੜਤਾਲ਼ ਕਰਨ ਦਾ ਫੈਸਲਾ ਲਿਆ ਹੈ। ਅੱਜ ਵਰਕਰਾਂ ਵੱਲੋਂ ਪਾਵਰਕੌਮ ਦੇ ਮੁੱਖ ਦਫ਼ਤਰ ਦੇ ਬੰਦ ਕੀਤੇ ਗੇਟ ਖੁੱਲ੍ਹਵਾਉਣ ਲਈ ਕੀਤੀ ਕਾਰਵਾਈ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਜਲਾਲਾਬਾਦ ਸਮੇਤ ਚਾਰ ਪ੍ਰਮੁੱਖ ਆਗੂਆਂ ਨੂੰ ਤਾਂ ਪੁਲੀਸ ਧੂਹ ਕੇ ਹੀ ਦਫ਼ਤਰ ਕੰਪਲੈਕਸ ਦੇ ਅੰਦਰ ਲੈ ਗਈ। ਇਸ ਮੌਕੇ ਦਰਜਨ ਦੇ ਕਰੀਬ ਵਰਕਰ ਫੱਟੜ ਵੀ ਹੋ ਗਏ। ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਲਈ ਇਹ ਪ੍ਰਦਰਸ਼ਨਕਾਰੀ ਰੋਜ਼ਾਨਾ ਹੀ ਪਾਵਰਕੌਮ ਦਫ਼ਤਰ ਦਾ ਗੇਟ ਬੰਦ ਕਰ ਕੇ ਆਪਣੇ ਰੋਸ ਦਾ ਇਜ਼ਹਾਰ ਕਰਦੇ ਸਨ ਤੇ ਛੁੱਟੀ ਹੋਣ ’ਤੇ ਪੁਲੀਸ ਦੂਜੇ ਗੇਟਾਂ ਰਾਹੀਂ ਬਿਜਲੀ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੰਦੀ ਸੀ ਪਰ ਅੱਜ ਸਿਖਰ ਦੁਪਹਿਰੇ ਵਰਕਰ ਮੁੱਖ ਗੇਟ ਸਮੇਤ ਸ਼ੇਰਾਂ ਵਾਲਾ ਗੇਟ ਵਾਲੇ ਪਾਸੇ ਸਥਿਤ ਇੱਕ ਹੋਰ ਗੇਟ ਮੂਹਰੇ ਵੀ ਬੈਠ ਗਏ। ਇਸ ਦੌਰਾਨ ਡੇਢ ਵਜੇ ਦਫ਼ਤਰ ’ਚ ਛੁੱਟੀ ਹੋਣ ਮਗਰੋਂ ਵੀ ਜਦੋਂ ਇਨ੍ਹਾਂ ਗੇਟਾਂ ਦਾ ਘਿਰਾਓ ਜਾਰੀ ਰਿਹਾ ਤਾਂ ਪੁਲੀਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਾ ਸਿਰਫ਼ ਪੁਲੀਸ ਮੁਲਾਜ਼ਮ, ਬਲਕਿ ਇਲਾਕੇ ਦੇ ਡੀ ਐੱਸ ਪੀ ਸੰਜੀਵ ਸਿੰਗਲਾ ਸਮੇਤ ਕਈ ਇੰਸਪੈਕਟਰ ਰੈਂਕ ਵਾਲੇ ਵੀ ਡਾਂਗਾਂ ਵਰ੍ਹਾਉਂਦੇ ਨਜ਼ਰ ਆਏ ਤੇ ਦਫ਼ਤਰ ਦਾ ਗੇਟ ਖੁੱਲ੍ਹਵਾ ਦਿੱਤਾ।

ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਜਲਾਲਾਬਾਦ, ਜਗਤਾਰ ਸਿੰਘ, ਫ਼ਤਿਹ ਸਿੰਘ ਆਦਿ ਨੂੰ ਤਾਂ ਪੁਲੀਸ ਇਸੇ ਗੇਟ ਰਾਹੀਂ ਧੂਹੰਦੀ ਹੋਈ ਦਫ਼ਤਰ ਕੰਪਲੈਕਸ ਦੇ ਅੰਦਰ ਲੈ ਗਈ। ਯਾਦਵਿੰਦਰ ਬਾਘਾ ਦੀ ਭਰਵੱਟੇ ’ਤੇ ਡਾਂਗ ਵੱਜਣ ਕਾਰਨ ਟੱਕ ਪੈ ਗਿਆ। ਵਰਕਰਾਂ ਨੇ ਕੁਝ ਨੌਜਵਾਨਾਂ ਦੀਆਂ ਪੱਗਾਂ ਉਤਰਨ ਦੇ ਦੋਸ਼ ਵੀ ਲਾਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੋਈ ਤਾਲਾਬੰਦੀ ਨਹੀਂ ਸੀ ਕੀਤੀ ਹੋਈ ਤੇ ਰੋਸ ਜ਼ਾਹਿਰ ਕਰਨ ਲਈ ਉਹ ਪਹਿਲਾਂ ਤੋਂ ਹੀ ਬੰਦ ਪਏ ਗੇਟ ਦੇ ਅੱਗੇ ਬੈਠੇ ਸਨ ਤੇ ਪੁਲੀਸ ਨੇ ਬਿਨਾਂ ਕੋਈ ਅਗਾਊਂ ਚਿਤਾਵਨੀ ਦੇ ਉਨ੍ਹਾਂ ’ਤੇ ਡਾਂਗਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਲਾਠੀਚਾਰਜ ਦੀ ਗੱਲ ਮੰਨਦਿਆਂ ਕਿਹਾ ਕਿ ਬਿਜਲੀ ਅਧਿਕਾਰੀ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਆਖਦੇ ਆ ਰਹੇ ਸਨ ਪਰ ਇਸ ਦੇ ਬਾਵਜੂਦ ਇਨ੍ਹਾਂ ਨੇ ਛੁੱਟੀ ਹੋਣ ’ਤੇ ਵੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਅੰਦਰੋਂ ਬਾਹਰ ਨਾ ਆਉਣ ਦੇਣ ਦੇ ਮਨੋਰਥ ਨਾਲ ਦਫ਼ਤਰ ਦੇ ਸਾਰੇ ਗੇਟ ਬੰਦ ਕੀਤੇ ਹੋਏ ਸਨ। ਲਾਠੀਚਾਰਜ ਦੌਰਾਨ ਫੱਟੜ ਹੋਏ ਚਾਰ ਯੂਨੀਅਨ ਆਗੂਆਂ ਸਮੇਤ ਇੱਕ ਪੁਲੀਸ ਮੁਲਾਜ਼ਮ ਨੂੰ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

Share: