ਚੰਡੀਗਡ਼੍ਹ : ਸਥਾਨਕ ਚੋਣਾਂ ’ਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ’ਤੇ ਵੱਧ ਵੋਟ ਸ਼ੇਅਰ ਲੈਣ ’ਚ ਮੋਹਰੀ ਹੈ, ਪਰ ਵਿਰੋਧੀ ਧਿਰਾਂ ਲਈ ਵੀ ਵੋਟ ਸ਼ੇਅਰ ਧਰਵਾਸ ਦੇਣ ਵਾਲਾ ਹੈ। ‘ਆਪ’ ਨੇ ਇਨ੍ਹਾਂ ਚੋਣਾਂ ’ਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਅੱਜ ਵੱਖ-ਵੱਖ ਸਿਆਸੀ ਧਿਰਾਂ ਨੂੰ ਮਿਲੇ ਵੋਟ ਸ਼ੇਅਰ ਦਾ ਐਲਾਨ ਕੀਤਾ ਗਿਆ ਹੈ।
ਵੇਰਵਿਆਂ ਅਨੁਸਾਰ ਪੰਜਾਬ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ’ਚੋਂ ‘ਆਪ’ ਅੱਠ ਨਗਰ ਕੌਂਸਲਾਂ ਅਤੇ ਇੱਕ ਨਗਰ ਪੰਚਾਇਤ ’ਚੋਂ 50 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਨ ’ਚ ਸਫਲ ਰਹੀ ਹੈ। ਦੂਜੇ ਨੰਬਰ ’ਤੇ ਰਹਿਣ ਵਾਲੀ ਕਾਂਗਰਸ ਕਿਸੇ ਵੀ ਨਗਰ ਨਿਗਮ ’ਚ 50 ਫ਼ੀਸਦੀ ਵੋਟ ਸ਼ੇਅਰ ਦਾ ਅੰਕੜਾ ਪਾਰ ਨਹੀਂ ਕਰ ਸਕੀ। ਸ਼੍ਰੋਮਣੀ ਅਕਾਲੀ ਦਲ ਤੀਜੇ ਸਥਾਨ ’ਤੇ ਰਹਿਣ ਦੇ ਬਾਵਜੂਦ ਸੰਗਤ ਨਗਰ ਕੌਂਸਲ ’ਚ 50.79 ਫ਼ੀਸਦੀ ਅਤੇ ਮਲੂਕਾ ਨਗਰ ਪੰਚਾਇਤ ’ਚ 55.40 ਫ਼ੀਸਦੀ ਵੋਟ ਸ਼ੇਅਰ ਲੈਣ ’ਚ ਸਫਲ ਰਿਹਾ। ਸ਼੍ਰੋਮਣੀ ਅਕਾਲੀ ਦਲ 30 ਸਥਾਨਕ ਸੰਸਥਾਵਾਂ ’ਚ ਕਾਂਗਰਸ ਨਾਲੋਂ ਵੱਧ ਵੋਟ ਸ਼ੇਅਰ ਲੈਣ ’ਚ ਕਾਮਯਾਬ ਹੋਇਆ ਹੈ ਜਦੋਂ ਕਿ ਕਾਂਗਰਸ ਵੱਲੋਂ ਜਿੱਤੇ ਵਾਰਡਾਂ ਦੀ ਗਿਣਤੀ ਜ਼ਿਆਦਾ ਹੈ। 75 ਨਗਰ ਕੌਂਸਲਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਨੇ 16 ਕੌਂਸਲਾਂ ’ਚ 20 ਫ਼ੀਸਦੀ ਤੋਂ ਵੱਧ ਵੋਟ ਸ਼ੇਅਰ ਲਿਆ ਹੈ। ਸਭ ਤੋਂ ਵੱਧ ਵੋਟ ਸ਼ੇਅਰ ਸੰਗਤ ਕੌਂਸਲ ’ਚ ਲਿਆ ਹੈ। ਦੂਜੇ ਨੰਬਰ ’ਤੇ ਮਜੀਠਾ ਕੌਂਸਲ ’ਚ 42.39 ਫ਼ੀਸਦੀ ਵੋਟ ਸ਼ੇਅਰ ਲਿਆ ਹੈ।
ਇਨ੍ਹਾਂ ਚੋਣਾਂ ’ਚ ਕਾਂਗਰਸ ਨੇ 397 ਵਾਰਡਾਂ ਵਿੱਚ ਅਤੇ ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਵਿਸ਼ਲੇਸ਼ਣ ਅਨੁਸਾਰ ‘ਆਪ’ ਨੇ 24 ਸਥਾਨਕ ਸੰਸਥਾਵਾਂ ’ਚ 40 ਫ਼ੀਸਦੀ ਤੋਂ ਵੱਧ ਵੋਟ ਸ਼ੇਅਰ ਲਿਆ ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜ-ਪੰਜ ’ਚ ਅਤੇ ਭਾਜਪਾ ਨੂੰ ਸਿਰਫ਼ ਇੱਕ ਅਬੋਹਰ ਨਗਰ ਨਿਗਮ ’ਚ 40 ਫ਼ੀਸਦੀ ਤੋਂ ਵੱਧ ਵੋਟਾਂ ਮਿਲੀਆਂ ਹਨ। ਭਾਜਪਾ ਨੂੰ 75 ਕੌਂਸਲਾਂ ’ਚੋਂ ਸਿਰਫ਼ 10 ਕੌਂਸਲਾਂ ’ਚ ਹੀ 20 ਫ਼ੀਸਦੀ ਤੋਂ ਵੱਧ ਵੋਟ ਮਿਲੇ ਹਨ। ਸਭ ਤੋਂ ਵੱਧ ਨਵਾਂ ਗਰਾਉਂ ਕੌਂਸਲ ’ਚ 38.95 ਫ਼ੀਸਦੀ ਵੋਟ ਮਿਲੇ ਹਨ।
ਬਹੁਜਨ ਸਮਾਜ ਪਾਰਟੀ ਨੇ 96 ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਪਾਰਟੀ ਦਾ 45 ਸੰਸਥਾਵਾਂ ਵਿੱਚ ਜ਼ੀਰੋ ਫ਼ੀਸਦ ਵੋਟ ਸ਼ੇਅਰ ਸੀ; ਹਾਲਾਂਕਿ ਪੰਜਾਬ ਦੀ ਸਿਆਸਤ ਦਲਿਤ ਭਾਈਚਾਰੇ ਦੇ ਆਲ਼ੇ ਦੁਆਲ਼ੇ ਘੁੰਮਦੀ ਹੈ। ਸੂਬੇ ਦੀਆਂ ਕੁੱਲ ਵੋਟਾਂ ’ਚ ਵੀ ਦਲਿਤ ਭਾਈਚਾਰੇ ਦੇ ਕਰੀਬ 33 ਫ਼ੀਸਦੀ ਵੋਟਰ ਹਨ। ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹਲਕੇ ਦੀ ਮੋਰਿੰਡਾ ਕੌਂਸਲ ’ਚ 49.08 ਫ਼ੀਸਦ ਵੋਟ ਹਾਸਲ ਕੀਤੇ ਹਨ।
ਭਾਜਪਾ ਨੂੰ ਸ਼ਹਿਰੀ ਅਧਾਰ ਵਾਲੀ ਪਾਰਟੀ ਮੰਨਿਆ ਜਾਂਦਾ ਹੈ ਪਰ ਸ਼ਹਿਰੀ ਖੇਤਰਾਂ ’ਚ ਉਸ ਤੋਂ 20 ਸੀਟਾਂ ਵੱਧ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਹਨ। ਭਾਜਪਾ ਨੇ ਅੱਠ ਨਿਗਮਾਂ ’ਚੋਂ ਸਭ ਤੋਂ ਵੱਧ 43.26 ਫ਼ੀਸਦੀ ਵੋਟ ਸ਼ੇਅਰ ਅਬੋਹਰ ਨਿਗਮ ’ਚ ਹਾਸਲ ਕੀਤਾ ਹੈ। ਭਾਜਪਾ ਨੂੰ ਚਾਰ ਨਗਰ ਪੰਚਾਇਤਾਂ ਜੋਗਾ, ਕੋਠਾ ਗੁਰੂ, ਕੀਰਤਪੁਰ ਸਾਹਿਬ ਅਤੇ ਮਲੂਕਾ ਵਿੱਚ ਜ਼ੀਰੋ ਪ੍ਰਤੀਸ਼ਤ ਵੋਟ ਸ਼ੇਅਰ ਨਾਲ ਇੱਕ ਵੀ ਸੀਟ ਨਹੀਂ ਮਿਲੀ।
ਬਠਿੰਡਾ ਨਿਗਮ ’ਚ ‘ਆਪ’ ਤੋਂ ਬਾਅਦ ਕਾਂਗਰਸ ਨੂੰ ਵੱਧ ਸੀਟਾਂ ਮਿਲੀਆਂ ਹਨ ਪਰ ਵੋਟ ਸ਼ੇਅਰ ਕਾਂਗਰਸ ਨਾਲੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਹੈ। ਬਠਿੰਡਾ ਨਿਗਮ ’ਚ ਕਾਂਗਰਸ ਦਾ ਵੋਟ ਸ਼ੇਅਰ 16.57 ਫੀਸਦ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ 18.03 ਫ਼ੀਸਦੀ ਹੈ। ਸੱਤ ਸਥਾਨਕ ਸੰਸਥਾਵਾਂ ਵਿੱਚ ਆਜ਼ਾਦ ਉਮੀਦਵਾਰਾਂ ਨੇ 50 ਪ੍ਰਤੀਸ਼ਤ ਤੋਂ ਵੱਧ ਵੋਟ ਸ਼ੇਅਰ ਜਿੱਤਿਆ ਹੈ। ਆਜ਼ਾਦ ਉਮੀਦਵਾਰਾਂ ਨੇ ਕੁੱਲ 251 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ।

