ਪੰਜਾਬ ‘ਚ ਕਈ ਥਾਈਂ ਝੱਖੜ ਤੇ ਮੀਂਹ

ਪੰਜਾਬ ‘ਚ ਕਈ ਥਾਈਂ ਝੱਖੜ ਤੇ ਮੀਂਹ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਮਗਰੋਂ ਅੱਜ ਸ਼ਾਮ ਸਮੇਂ ਕਈ ਜ਼ਿਲ੍ਹਿਆਂ ਵਿੱਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ। ਇਸ ਦੌਰਾਨ ਹਨੇਰੀ ਵੀ ਆਈ ਅਤੇ ਗੜੇ ਵੀ ਪਏ। ਜ਼ਿਆਦਾਤਰ ਸ਼ਹਿਰਾਂ ਵਿੱਚ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਰ ਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ ’ਤੇ ਦਰੱਖ਼ਤ ਅਤੇ ਟਰਾਂਸਫਾਰਮਰ ਡਿੱਗਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਵਿੱਚ ਅੱਜ ਸਵੇਰ ਤੋਂ ਗਰਮੀ ਦਾ ਕਹਿਰ ਜਾਰੀ ਸੀ, ਪਰ ਬਾਅਦ ਦੁਪਹਿਰ ਪੰਜਾਬ ਵਿੱਚ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ। ਇਸ ਦੌਰਾਨ ਮਾਨਸਾ, ਮੋਗਾ, ਖੰਨਾ ਸਣੇ ਕਈ ਹੋਰਨਾਂ ਥਾਵਾਂ ’ਤੇ ਗੜੇ ਵੀ ਪਏ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਪਟਿਆਲਾ, ਮਾਨਸਾ ਤੇ ਫ਼ਰੀਦਕੋਟ ਸਣੇ ਹੋਰਨਾਂ ਕਈ ਸ਼ਹਿਰਾਂ ਵਿੱਚ ਝੱਖੜ ਤੋਂ ਬਾਅਦ ਤੇਜ਼ ਮੀਂਹ ਪਿਆ। ਹਨੇਰੀ ਕਰ ਕੇ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਮੱਝਾਂ ਦੇ ਵਾੜੇ ਦਾ ਸ਼ੈੱਡ ਡਿੱਗ ਗਿਆ। ਇਸ ਦੌਰਾਨ ਸ਼ੈੱਡ ਹੇਠਾਂ ਦੱਬੀਆਂ ਮੱਝਾਂ ਨੂੰ ਕਾਫੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਪਟਿਆਲਾ ਤੇ ਹੋਰ ਕਈ ਸ਼ਹਿਰਾਂ ਵਿੱਚ ਹਨੇਰੀ ਕਰ ਕੇ ਦਰੱਖ਼ਤ ਡਿੱਗ ਗਏ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿੱਚ ਵਿੱਚ ਅਗਲੇ ਦੋ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। 5 ਜੂਨ ਨੂੰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਟੁੱਟਵਾਂ ਹਲਕਾ ਤੇ ਦਰਮਿਆਨਾ ਮੀਂਹ ਪਵੇਗਾ। ਹਾਲਾਂਕਿ, 6 ਜੂਨ ਨੂੰ ਪੰਜਾਬ ਵਿੱਚ ਕਿਤੇ-ਕਿਤੇ ਮੌਸਮ ਖ਼ਰਾਬ ਰਹਿ ਸਕਦਾ ਹੈ। ਮੌਸਮ ਵਿਗਿਆਨੀਆਂ ਨੇ 5 ਜੂਨ ਲਈ ਔਰੇਂਜ ਅਤੇ 6 ਜੂਨ ਲਈ ਯੈੱਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਸੂਬੇ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋਣੀ ਹੈ, ਜਿਸ ਕਰ ਕੇ ਇਹ ਮੀਂਹ ਲਾਹੇਵੰਦ ਸਾਬਿਤ ਹੋਵੇਗਾ।

ਬਿਜਲੀ ਦੀ ਮੰਗ ਘਟੀ

ਪੰਜਾਬ ਵਿੱਚ ਦਿਨ ਵੇਲੇ ਗਰਮੀ ਹੋਣ ਕਰ ਕੇ ਬਿਜਲੀ ਦੀ ਮੰਗ ਵਧ ਕੇ 13 ਹਜ਼ਾਰ ਮੈਗਾਵਾਟ ਨੇੜੇ ਪਹੁੰਚ ਗਈ ਸੀ, ਪਰ ਸ਼ਾਮ ਨੂੰ ਮੌਸਮ ਦਾ ਮਿਜ਼ਾਜ ਬਦਲਣ ਦੇ ਨਾਲ ਹੀ ਇਹ ਮੰਗ ਘਟ ਗਈ। ਪਾਵਰਕੌਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ 2.30 ਤੋਂ 3 ਵਜੇ ਦੇ ਵਿਚਕਾਰ ਬਿਜਲੀ ਦੀ ਮੰਗ ਵਧ ਕੇ 13 ਹਜ਼ਾਰ ਮੈਗਾਵਾਟ ਨੇੜੇ ਪਹੁੰਚ ਗਈ ਸੀ, ਜੋ ਕਿ ਸ਼ਾਮ 7-8 ਵਜੇ ਦੇ ਕਰੀਬ ਘਟ ਕੇ 7 ਹਜ਼ਾਰ ਮੈਗਾਵਾਟ ਰਹਿ ਗਈ। ਹਾਲਾਂਕਿ, ਰਾਤ 9 ਵਜੇ ਬਿਜਲੀ ਦੀ ਇਹ ਮੰਗ 7500 ਮੈਗਾਵਾਟ ਨੂੰ ਟੱਪ ਗਈ।

ਬਠਿੰਡਾ ਸਭ ਤੋਂ ਗਰਮ

ਪੰਜਾਬ ਵਿੱਚ ਅੱਜ ਬਠਿੰਡਾ ਸ਼ਹਿਰ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 38.9, ਅੰਮ੍ਰਿਤਸਰ ਵਿੱਚ 38.8, ਲੁਧਿਆਣਾ ’ਚ 40.4, ਪਟਿਆਲਾ ਵਿੱਚ 40.6, ਨਵਾਂ ਸ਼ਹਿਰ ’ਚ 37.2, ਫਿਰੋਜ਼ਪੁਰ 39.9, ਹੁਸ਼ਿਆਰਪੁਰ 38.3, ਮੁਹਾਲੀ 38.7, ਪਠਾਨਕੋਟ 37.6 ਅਤੇ ਰੂਪਨਗਰ ਵਿੱਚ 38.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਦੱਖਣ-ਪੱਛਮੀ ਮੌਨਸੂਨ ਦੀ ਕੇਰਲਾ ’ਚ ਦਸਤਕ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮੀ ਮੌਨਸੂਨ ਨੇ ਵੀਰਵਾਰ ਨੂੰ ਕੇਰਲਾ ਦੇ ਤੱਟ ’ਤੇ ਦਸਤਕ ਦਿੱਤੀ ਹੈ। ਆਮ ਕਰ ਕੇ ਕੇਰਲਾ ਵਿੱਚ ਮੌਨਸੂਨ ਪਹਿਲੀ ਜੂਨ ਦੇ ਨੇੜੇ-ਤੇੜੇ ਪਹੁੰਚਦੀ ਹੈ, ਜੋ ਦੱਖਣ-ਪੱਛਮੀ ਮੌਨਸੂਨ ਸੀਜ਼ਨ (ਜੂਨ-ਸਤੰਬਰ) ਦੀ ਸ਼ੁੁਰੂਆਤ ਹੁੰਦੀ ਹੈ। ਮੌਸਮ ਵਿਭਾਗ ਨੇ ਕਿਹਾ, ‘‘ਦੱਖਣ-ਪੱਛਮੀ ਮੌਨਸੂਨ ਅੱਜ 4 ਜੂਨ, 2026 ਨੂੰ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਅਰਬ ਸਾਗਰ ਦੇ ਬਾਕੀ ਹਿੱਸਿਆਂ, ਪੱਛਮੀ-ਮੱਧ ਅਤੇ ਪੂਰਬ-ਮੱਧ ਅਰਬ ਸਾਗਰ ਦੇ ਕੁਝ ਹਿੱਸਿਆਂ, ਪੂਰੇ ਲਕਸ਼ਦੀਪ ਟਾਪੂਆਂ, ਕੇਰਲਾ ਅਤੇ ਮਾਹੇ, ਕਰਨਾਟਕ ਅਤੇ ਤਾਮਿਲ ਨਾਡੂ ਦੇ ਕੁਝ ਹਿੱਸਿਆਂ, ਕੋਮੋਰਿਨ ਖੇਤਰ ਦੇ ਬਾਕੀ ਹਿੱਸਿਆਂ, ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਦੱਖਣ-ਪੱਛਮ, ਪੱਛਮੀ-ਮੱਧ, ਪੂਰਬ-ਮੱਧ ਅਤੇ ਉੱਤਰ-ਪੂਰਬੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਿਆ ਹੈ।’’ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਮੌਨਸੂਨ ਦੇ 26 ਮਈ ਨੂੰ ਕੇਰਲਾ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਸੀ, ਜੋ ਪੱਛੜ ਗਈ। ਵਿਭਾਗ ਨੇ ਪਿਛਲੇ ਹਫ਼ਤੇ ਸੀਜ਼ਨਲ ਮੀਂਹ ਸਬੰਧੀ ਆਪਣੀ ਭਵਿੱਖਬਾਣੀ ਵਿੱਚ ਸੁਧਾਰ ਕਰਦਿਆਂ ਆਮ ਨਾਲੋਂ ਘੱਟ ਮੀਂਹ ਪੈਣ ਦਾ ਇਸ਼ਾਰਾ ਕੀਤਾ ਸੀ। ਆਈ ਐੱਮ ਡੀ ਨੂੰ ਉਮੀਦ ਹੈ ਕਿ ਇਸ ਸਾਲ ਭਾਰਤ ਵਿੱਚ ਮੀਂਹ ਲੰਬੇ ਸਮੇਂ ਦੀ ਔਸਤ (ਐੱਲ ਪੀ ਏ) ਲਗਪਗ 90 ਫ਼ੀਸਦ ਰਹੇਗੀ। ਆਮ ਨਾਲੋਂ ਘੱਟ ਮੀਂਹ ਦੀ ਇਕ ਵਜ੍ਹਾ ਅਲ ਨੀਨੋ ਹਾਲਾਤ ਦਾ ਉਭਾਰ ਹੋ ਸਕਦਾ ਹੈ, ਜਿਸ ਕਾਰਨ ਦੇਸ਼ ਵਿੱਚ ਮੌਨਸੂਨ ਦੌਰਾਨ ਘੱਟ ਮੀਂਹ ਪੈਂਦੇ ਹਨ। ਮੌਜੂਦਾ ਸਮੇਂ ਭੂਮੱਧ ਰੇਖਾ ਪ੍ਰਸ਼ਾਂਤ ਖੇਤਰ ਉੱਤੇ ਨਿਰਪੱਖ ਅਲ ਨੀਨੋ-ਦੱਖਣੀ ਓਸੀਲੇਸ਼ਨ ਹਾਲਾਤ ਅਲ ਨੀਨੋ ਹਾਲਾਤ ਵੱਲ ਤਬਦੀਲ ਹੋ ਰਹੇ ਹਨ। ਵਿਭਾਗ ਨੇ ਕਿਹਾ ਕਿ ਅਲ ਨੀਨੋ ਹਾਲਾਤ ਜੂਨ ਵਿੱਚ ਕਮਜ਼ੋਰ, ਅਤੇ ਸਤੰਬਰ ਵਿੱਚ ਦਰਮਿਆਨੇ ਤੋਂ ਮਜ਼ਬੂਤ ​​ਹੋਣ ਦੀ ਸੰਭਾਵਨਾ ਹੈ।

Share: