ਕੈਨੇਡਾ ਦੀ ਸੁਰੱਖਿਆ ਏਜੰਸੀ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਬਾਰੇ ਚਿਤਾਵਨੀ ਜਾਰੀ

ਕੈਨੇਡਾ ਦੀ ਸੁਰੱਖਿਆ ਏਜੰਸੀ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਬਾਰੇ ਚਿਤਾਵਨੀ ਜਾਰੀ

ਵਿਨੀਪੈੱਗ : ਕੈਨੇਡਾ ਦੀ ਸੁਰੱਖਿਆ ਅਤੇ ਖ਼ੁਫ਼ੀਆ ਸੇਵਾ (CSIS) ਨੇ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਪੇਸ਼ੇਵਾਰ ਨੈੱਟਵਰਕਿੰਗ ਵੈੱਬਸਾਈਟਾਂ, ਆਨਲਾਈਨ ਫ਼ਰਮਾਂ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਸਰਕਾਰੀ, ਨਿੱਜੀ ਅਤੇ ਅਕਾਦਮਿਕ ਖੇਤਰਾਂ ਵਿੱਚ ਸੰਵੇਦਨਸ਼ੀਲ ਅਹੁਦਿਆਂ ‘ਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ਏਜੰਸੀਆਂ ਵੱਲੋਂ ਅਜਿਹੇ ਵਿਅਕਤੀਆਂ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ।

ਕੈਨੇਡਾ ਦੀ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀ (CSIS) ਅਤੇ ਫਾਈਵ ਆਈਜ਼ ਗੱਠਜੋੜ ਦੇ ਹੋਰ ਭਾਗੀਦਾਰ ਦੇਸ਼ਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਪੇਸ਼ੇਵਾਰ ਨੈੱਟਵਰਕਿੰਗ ਵੈੱਬਸਾਈਟਾਂ ਅਤੇ ਆਨਲਾਈਨ ਨੌਕਰੀ ਪਲੇਟਫ਼ਾਰਮਾਂ ਨੂੰ ਵਿਦੇਸ਼ੀ ਖ਼ੁਫ਼ੀਆ ਏਜੰਸੀਆਂ ਵੱਲੋਂ ਜਾਸੂਸੀ ਲਈ ਵਰਤਿਆ ਜਾ ਰਿਹਾ ਹੈ। ਸੰਯੁਕਤ ਚਿਤਾਵਨੀ ਅਨੁਸਾਰ ਸਰਕਾਰੀ ਕਰਮਚਾਰੀਆਂ, ਫ਼ੌਜੀ ਅਧਿਕਾਰੀਆਂ, ਰੱਖਿਆ ਮਾਹਿਰਾਂ, ਵਿਦੇਸ਼ੀ ਮਾਮਲਿਆਂ ਨਾਲ ਜੁੜੇ ਵਿਅਕਤੀਆਂ, ਪੱਤਰਕਾਰਾਂ ਅਤੇ ਥਿੰਕ-ਟੈਂਕਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨਾਲ ਆਕਰਸ਼ਕ ਨੌਕਰੀਆਂ, ਸਲਾਹਕਾਰੀ ਕੰਮ ਜਾਂ ਪੇਸ਼ੇਵਾਰ ਮੌਕਿਆਂ ਦੇ ਨਾਂ ‘ਤੇ ਸੰਪਰਕ ਕੀਤਾ ਜਾਂਦਾ ਹੈ।
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਇਹ ਪੇਸ਼ਕਸ਼ਾਂ ਬਿਲਕੁਲ ਅਸਲੀ ਦਿਖਾਈ ਦਿੰਦੀਆਂ ਹਨ, ਪਰ ਹੌਲੀ-ਹੌਲੀ ਟਾਰਗੇਟ ਕੀਤੇ ਗਏ ਵਿਅਕਤੀਆਂ ਤੋਂ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ਵਿੱਚ ਜਾਣਕਾਰੀ ਦੇ ਬਦਲੇ ਪੈਸੇ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ। ਫਾਈਵ ਆਈਜ਼ ਗੱਠਜੋੜ, ਜਿਸ ਵਿੱਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ, ਨੇ ਕਿਹਾ ਕਿ ਵਿਦੇਸ਼ੀ ਖ਼ੁਫ਼ੀਆ ਸੰਗਠਨ ਪੇਸ਼ੇਵਾਰ ਨੈੱਟਵਰਕਿੰਗ ਪਲੇਟਫ਼ਾਰਮਾਂ ਦੀ ਵਰਤੋਂ ਕਰਕੇ ਰਾਜਨੀਤਿਕ, ਆਰਥਿਕ ਅਤੇ ਫ਼ੌਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਏਜੰਸੀਆਂ ਨੇ ਸਰਕਾਰੀ ਅਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਨਲਾਈਨ ਨੌਕਰੀਆਂ ਜਾਂ ਅਣਜਾਣ ਭਰਤੀ ਕਰਨ ਵਾਲਿਆਂ ਵੱਲੋਂ ਆਉਣ ਵਾਲੀਆਂ ਪੇਸ਼ਕਸ਼ਾਂ ਦੀ ਧਿਆਨ ਨਾਲ ਜਾਂਚ ਕਰਨ, CSIS ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਨਵੀਂਆਂ ਨੈੱਟਵਰਕਿੰਗ ਬੇਨਤੀਆਂ ਸਵੀਕਾਰ ਕਰਨ ਤੋਂ ਪਹਿਲਾਂ ਪ੍ਰੋਫ਼ਾਈਲਾਂ ਦੀ ਜਾਂਚ ਕੀਤੀ ਜਾਵੇ। ਜੇ ਕਿਸੇ ਬਾਰੇ ਸ਼ੱਕ ਹੋਵੇ ਤਾਂ ਉਸ ਤੋਂ ਕੰਪਨੀ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਵੇ। ਜੇ ਕੰਪਨੀ ਬੁਨਿਆਦੀ ਜਾਣਕਾਰੀ ਦੇਣ ਵਿੱਚ ਅਸਮਰਥ ਹੋਵੇ ਜਾਂ ਇੰਟਰਨੈੱਟ ‘ਤੇ ਉਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੋਵੇ, ਤਾਂ ਸੰਭਵ ਹੈ ਕਿ ਉਹ ਜਾਅਲੀ ਸੰਸਥਾ ਹੋਵੇ।ਉਨ੍ਹਾਂ ਕਿਹਾ ਕੇ ਸ਼ੱਕੀ ਸੰਪਰਕਾਂ ਬਾਰੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ।
Share: