ਜੈਪੁਰ/ਜੈਸਲਮੇਰ/ਸ੍ਰੀਨਗਰ : ਪੱਛਮੀ ਰਾਜਸਥਾਨ ਵਿੱਚ ਲੰਘੀ ਰਾਤ ਪਏ ਮੀਂਹ ਅਤੇ ਝੱਖੜ ਦੌਰਾਨ ਨੌਜਵਾਨ ਲੋਕ ਕਲਾਕਾਰ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਜੈਸਲਮੇਰ, ਬਾੜਮੇਰ ਅਤੇ ਫਲੋਦੀ ਜ਼ਿਲ੍ਹਿਆਂ ਵਿੱਚ ਤੂਫਾਨ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਕਾਰਨ ਸੈਂਕੜੇ ਬਿਜਲੀ ਦੇ ਖੰਭੇ ਉੱਖੜ ਗਏ, ਸੋਲਰ ਪਾਵਰ ਦੇ ਢਾਂਚੇ ਨੂੰ ਨੁਕਸਾਨ ਪਹੁੰਚਿਆ, ਟੀਨ ਦੇ ਸ਼ੈੱਡ ਉੱਡ ਗਏ, ਸੜਕਾਂ ਜਾਮ ਹੋ ਗਈਆਂ ਅਤੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।ਮ੍ਰਿਤਕਾਂ ਵਿੱਚ 25 ਸਾਲਾ ਲੋਕ ਕਲਾਕਾਰ ਸਵਰੂਪ ਖਾਨ ਵੀ ਸ਼ਾਮਲ ਸੀ, ਜੋ ਜੈਸਲਮੇਰ ਦੇ ਮਸ਼ਹੂਰ ਸਾਮ ਸੈਲਾਨੀ ਖੇਤਰ ਦੇ ਇੱਕ ਡੈਜ਼ਰਟ ਰਿਜ਼ੋਰਟ ਵਿੱਚ ਪੇਸ਼ਕਾਰੀ ਦੇ ਰਿਹਾ ਸੀ। ਸੋਮਵਾਰ ਦੇਰ ਰਾਤ ਜਦੋਂ ਇਲਾਕੇ ਵਿੱਚ ਤੇਜ਼ ਤੂਫ਼ਾਨ ਆਇਆ, ਤਾਂ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਇੱਕ ਸੀਮਿੰਟ ਦੀ ਕੰਧ ਡਿੱਗ ਗਈ। ਇਸ ਦੌਰਾਨ ਸਵਰੂਪ ਖਾਨ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਮਹਿਲਾ ਡਾਂਸਰਾਂ ਸਣੇ ਤਿੰਨ ਹੋਰ ਕਲਾਕਾਰ ਜ਼ਖਮੀ ਹੋ ਗਏ। ਇਸੇ ਦੌਰਾਨ ਬਾੜਮੇਰ ਜ਼ਿਲ੍ਹੇ ਵਿੱਚ ਬੋਲਾ ਗ੍ਰਾਮ ਪੰਚਾਇਤ ਅਧੀਨ ਆਉਂਦੇ ਸਾਬਰੀ ਨਗਰ ਪਿੰਡ ਵਿੱਚ ਤੂਫਾਨ ਦੌਰਾਨ ਕੰਧਾਂ ਡਿੱਗਣ ਕਾਰਨ ਵੱਖ-ਵੱਖ ਹਾਦਸਿਆਂ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚੋਂ ਇਕ ਦੀ ਉਮਰ ਅੱਠ ਸਾਲ ਤੇ ਦੂਜੇ ਦੀ ਚਾਰ ਸਾਲ ਸੀ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਗੰਜੀਵਾੜਾ ਇਲਾਕੇ ਵਿੱਚ ਇੱਕ ਸਫ਼ੈਦੇ ਦਾ ਦਰੱਖਤ ਸੀ ਆਰ ਪੀ ਐੱਫ ਦੇ ਬੰਕਰ ’ਤੇ ਡਿੱਗ ਗਿਆ। ਇਸ ਦੀ ਲਪੇਟ ’ਚ ਆਉਣ ਕਾਰਨ ਬ੍ਰਾਰੀਅੰਗਨ ਦੇ ਰਹਿਣ ਵਾਲੇ ਮੁਹੰਮਦ ਰਫ਼ੀਕ ਅਤੇ ਉਸ ਦੀ ਪਤਨੀ ਮਰੀਨਾ ਜ਼ਖਮੀ ਹੋ ਗਏ ਸਨ। ਬਾਅਦ ’ਚ ਮੁਹੰਮਦ ਰਫ਼ੀਕ ਦੀ ਮੌਤ ਹੋ ਗਈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਡੋਡਾ, ਕਿਸ਼ਤਵਾੜ ਅਤੇ ਪੁਣਛ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਤਿੰਨ ਥਾਵਾਂ ’ਤੇ ਬੱਦਲ ਫਟਣ ਅਤੇ ਕਈ ਥਾਵਾਂ ’ਤੇ ਅਚਾਨਕ ਹੜ੍ਹ ਆਉਣ ਦੀਆਂ ਘਟਨਾਵਾਂ ਵਾਪਰੀਆਂ। ਇਸ ਦੌਰਾਨ ਸੜਕਾਂ ਜਾਮ ਹੋ ਗਈਆਂ ਹਨ, ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਈ ਵਾਹਨ ਮਲਬੇ ਹੇਠਾਂ ਫਸ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕਿਸ਼ਤਵਾੜ ਜ਼ਿਲ੍ਹੇ ਵਿੱਚ ਬੱਦਲ ਫਟਣ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਜਦਕਿ ਡੋਡਾ ਜ਼ਿਲ੍ਹੇ ਦੇ ਠਾਠਰੀ ਇਲਾਕੇ ਵਿੱਚ ਵੀ ਬੱਦਲ ਫਟਣ ਕਾਰਨ ਉੱਥੇ ਅਚਾਨਕ ਹੜ੍ਹ ਆ ਗਿਆ।
ਹਿਮਾਚਲ ’ਚ 8 ਤੱਕ ਮੀਂਹ ਦੀ ਪੇਸ਼ੀਨਗੋਈ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਲੰਘੀ ਸ਼ਾਮ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਤੋਂ ਬਾਅਦ ਸਥਾਨਕ ਮੌਸਮ ਵਿਭਾਗ ਨੇ ਸੂਬੇ ਵਿੱਚ 8 ਜੂਨ ਤੱਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦਾ ਕਾਰਨ 3 ਜੂਨ ਤੋਂ ਨਵੀਂ ਪੱਛਮੀ ਗੜਬੜੀ ਦਾ ਸਰਗਰਮ ਹੋਣਾ ਹੈ। ਸ਼ਿਮਲਾ ਸਥਿਤ ਮੌਸਮ ਵਿਭਾਗ ਨੇ 4 ਜੂਨ ਤੱਕ ਵੱਖ-ਵੱਖ ਥਾਵਾਂ ’ਤੇ ਗਰਜ-ਚਮਕ ਨਾਲ ਛਿੱਟੇ ਪੈਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ। ਸੂਬੇ ’ਚ ਲੰਘੀ ਸ਼ਾਮ 4 ਵਜੇ ਖ਼ਤਮ ਹੋਏ 24 ਘੰਟਿਆਂ ਦੌਰਾਨ ਕਈ ਹਿੱਸਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ। ਰਾਜਧਾਨੀ ਸ਼ਿਮਲਾ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਜੁਬਾਰਹੱਟੀ, ਕੁਫਰੀ ਤੇ ਕਾਂਗੜਾ ਵਿੱਚ ਤੂਫ਼ਾਨ ਆਇਆ ਹੈ।
ਕੇਰਲਾ ’ਚ 4 ਜੂਨ ਦੇ ਨੇੜੇ ਪਹੁੰਚੇਗਾ ਮੌਨਸੂਨ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਅਨੁਸਾਰ ਦੱਖਣ-ਪੱਛਮੀ ਮੌਨਸੂਨ 4 ਜੂਨ ਦੇ ਆਸ-ਪਾਸ ਕੇਰਲਾ ਵਿੱਚ ਦਸਤਕ ਦੇ ਸਕਦਾ ਹੈ। ਆਮ ਤੌਰ ’ਤੇ ਮੌਨਸੂਨ ਪਹਿਲੀ ਜੂਨ ਨੂੰ ਕੇਰਲਾ ਪਹੁੰਚਦਾ ਹੈ, ਜਿਸ ਨਾਲ ਦੇਸ਼ ਵਿੱਚ ਚਾਰ ਮਹੀਨੇ ਚੱਲਣ ਵਾਲੇ ਬਰਸਾਤ ਦੇ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ। ਮੌਸਮ ਵਿਭਾਗ ਅਨੁਸਾਰ ਅਰਬ ਸਾਗਰ, ਲਕਸ਼ਦੀਪ, ਤਾਮਿਲ ਨਾਡੂ ਅਤੇ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਅੱਗੇ ਵਧਣ ਲਈ ਹਾਲਾਤ ਪੂਰੀ ਤਰ੍ਹਾਂ ਸਾਜ਼ਗਾਰ ਹਨ। ਵਿਭਾਗ ਨੇ ਪਹਿਲਾਂ ਮੌਨਸੂਨ ਦੇ 26 ਮਈ ਨੂੰ ਕੇਰਲਾ ਪਹੁੰਚਣ ਦਾ ਅਨੁਮਾਨ ਲਾਇਆ ਸੀ, ਪਰ ਬਾਅਦ ਵਿੱਚ ਇਸ ਵਿੱਚ ਦੇਰੀ ਹੋ ਗਈ। ਇਸ ਸਾਲ ਦੇਸ਼ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਸੋਧੇ ਹੋਏ ਅਨੁਮਾਨ ਅਨੁਸਾਰ ਐਤਕੀਂ ਲੰਮੀ ਮਿਆਦ ਦੇ ਔਸਤ ਦਾ ਸਿਰਫ਼ 90 ਫ਼ੀਸਦੀ ਮੀਂਹ ਹੀ ਪਵੇਗਾ। ਜੇ ਮੀਂਹ 90 ਫ਼ੀਸਦੀ ਤੋਂ ਘੱਟ ਪੈਂਦਾ ਹੈ, ਤਾਂ ਇਸ ਨੂੰ ‘ਘੱਟ ਮੀਂਹ’ ਮੰਨਿਆ ਜਾਂਦਾ ਹੈ। 1971 ਤੋਂ 2020 ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਮੌਨਸੂਨ ਦੌਰਾਨ ਔਸਤਨ 87 ਸੈਂਟੀਮੀਟਰ ਮੀਂਹ ਪੈਂਦਾ ਹੈ। ਮੀਂਹ ਘੱਟ ਪੈਣ ਦਾ ਮੁੱਖ ਕਾਰਨ ਪ੍ਰਸ਼ਾਂਤ ਮਹਾਂਸਾਗਰ ਵਿੱਚ ‘ਅਲ-ਨੀਨੋ’ ਦੇ ਹਾਲਾਤ ਬਣਨਾ ਹੈ, ਜਿਸ ਨਾਲ ਭਾਰਤ ਵਿੱਚ ਮੀਂਹ ’ਤੇ ਪ੍ਰਭਾਵਿਤ ਪੈਂਦਾ ਹੈ। ਮੌਸਮ ਵਿਭਾਗ ਅਨੁਸਾਰ ਜੂਨ ਵਿੱਚ ਤਾਂ ਅਲ-ਨੀਨੋ ਦਾ ਪ੍ਰਭਾਵ ਹਲਕਾ ਰਹੇਗਾ, ਪਰ ਸਤੰਬਰ ਤੱਕ ਇਹ ਪ੍ਰਭਾਵ ਕਾਫੀ ਵਧ ਜਾਵੇਗਾ।

