ਪੰਜਾਬ ਮਾਲੀਆ ਘਾਟੇ ’ਚੋਂ ਉੱਭਰਿਆ

ਪੰਜਾਬ ਮਾਲੀਆ ਘਾਟੇ ’ਚੋਂ ਉੱਭਰਿਆ

ਚੰਡੀਗਡ਼੍ਹ : ਪੰਜਾਬ ਸਰਕਾਰ ਪੰਜ ਸਾਲਾਂ ’ਚ ਪਹਿਲੀ ਵਾਰ ਮਾਲੀਆ ਘਾਟੇ ’ਚੋਂ ਉੱਭਰੀ ਹੈ। ਮਾਲੀ ਵਰ੍ਹੇ ਦੀ ਸ਼ੁਰੂਆਤ ’ਚ ਪਹਿਲੀ ਵਾਰ 2813.18 ਕਰੋੜ ਰੁਪਏ ਦਾ ਮਾਲੀਆ ਸਰਪਲੱਸ ਹੋਇਆ ਹੈ। ਤੇਲ ਕੀਮਤਾਂ ’ਚ ਵਾਧੇ ਅਤੇ ਰੀਅਲ ਅਸਟੇਟ ’ਚ ਤੇਜ਼ੀ ਕਾਰਨ ਮਾਲੀਆ ਸਰਪਲੱਸ ਹੋਇਆ ਹੈ।

ਹੁਣ ਤੱਕ ਸੂਬਾ ਸਰਕਾਰ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵੇਰਵਿਆਂ ਅਨੁਸਾਰ 2026-27 ਦੇ ਪਹਿਲੇ ਮਹੀਨੇ ਦੇ ਵਿੱਤੀ ਸੂਚਕਾਂ ਤੋਂ ਇਹ ਸਥਿਤੀ ਉੱਭਰੀ ਹੈ ਕਿ ਸੂਬੇ ਦੀਆਂ ਮਾਲੀਆ ਪ੍ਰਾਪਤੀਆਂ 10,642.42 ਕਰੋੜ ਰੁਪਏ ਹੋ ਗਈਆਂ ਹਨ ਜੋ ਅਪਰੈਲ 2025 ਵਿੱਚ 5911.98 ਕਰੋੜ ਰੁਪਏ ਦੀਆਂ ਪ੍ਰਾਪਤੀਆਂ ਤੋਂ ਬਹੁਤ ਜ਼ਿਆਦਾ ਹਨ। ਹੁਣ ਤੱਕ ਉੱਚ ਗ਼ੈਰ-ਟੈਕਸ ਮਾਲੀਆ ਕੁਲੈਕਸ਼ਨ ਵਧੀ ਹੈ। ‘ਆਪ’ ਸਰਕਾਰ ਨੇ ਜਦੋਂ 2022 ’ਚ ਸੱਤਾ ਸੰਭਾਲੀ ਸੀ ਤਾਂ ਉਸ ਦੇ ਪਹਿਲੇ ਮਹੀਨੇ ’ਚ ਮਾਲੀਆ ਘਾਟਾ 420.11 ਕਰੋੜ ਰੁਪਏ ਸੀ। ਇਸੇ ਤਰ੍ਹਾਂ ਸਾਲ 2023 ਵਿੱਚ ਇਹ ਘਾਟਾ 1412.43 ਕਰੋੜ ਰੁਪਏ ਸੀ ਜਦੋਂ ਕਿ ਸਾਲ 2024 ਵਿੱਚ ਮਾਲੀਆ ਘਾਟਾ ਵਧ ਕੇ 2178.11 ਕਰੋੜ ਰੁਪਏ ਹੋ ਗਿਆ ਸੀ। ਇਸੇ ਤਰ੍ਹਾਂ 2025 ਦੇ ਅਪਰੈਲ ਮਹੀਨੇ ਵਿੱਚ ਘਾਟਾ 2011.86 ਕਰੋੜ ਰੁਪਏ ਸੀ। ਇਸ ਸਾਲ ਅਪਰੈਲ ਵਿੱਚ ਗ਼ੈਰ-ਟੈਕਸ ਮਾਲੀਆ ਸੰਗ੍ਰਹਿ ਵਧ ਕੇ 3037.76 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਸਾਲ ਅਪਰੈਲ ਵਿੱਚ ਸਿਰਫ਼ 461.05 ਕਰੋੜ ਰੁਪਏ ਸੀ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ਼ੈਰ-ਟੈਕਸ ਮਾਲੀਆ ਵਧਣ ਦਾ ਕਾਰਨ ਹਾਊਸਿੰਗ ਵਿਭਾਗ ਦੁਆਰਾ ਬੁਨਿਆਦੀ ਢਾਂਚਾ ਸੈੱਸ ਤੇ ਸਰਕਾਰੀ ਜ਼ਮੀਨਾਂ ਦੇ ਨਿਬੇੜੇ ਦੀ ਉੱਚ ਉਗਰਾਹੀ ਹੈ, ਜਿਸ ਦੀ ਆਮਦਨ ਅਪਰੈਲ ਵਿੱਚ ਪ੍ਰਾਪਤ ਕੀਤੀ ਗਈ ਹੈ। ਅਪਰੈਲ 2025 ਵਿੱਚ 5450.93 ਕਰੋੜ ਰੁਪਏ ਦੇ ਟੈਕਸ ਮਾਲੀਆ ਕੁਲੈਕਸ਼ਨ ਦੇ ਮੁਕਾਬਲੇ, ਇਸ ਸਾਲ ਅਪਰੈਲ ਵਿੱਚ ਟੈਕਸ ਮਾਲੀਆ ਵਧ ਕੇ 7597.41 ਕਰੋੜ ਰੁਪਏ ਹੋ ਗਿਆ ਹੈ। ਕੇਂਦਰ ਤੋਂ ਸਹਾਇਤਾ ਵਿੱਚ ਗ੍ਰਾਂਟ ਪਿਛਲੇ ਸਾਲ ਕੋਈ ਨਹੀਂ ਸੀ ਅਤੇ ਅਪਰੈਲ 2026 ਵਿੱਚ ਇਹ ਘੱਟੋ-ਘੱਟ 7.25 ਕਰੋੜ ਰੁਪਏ ਰਹੀ। ਪੰਜਾਬ ਸਰਕਾਰ ਲਈ ਇਹ ਵਿੱਤੀ ਅੰਕੜੇ ਧਰਵਾਸ ਬੰਨ੍ਹਣ ਵਾਲੇ ਹਨ।

Share: