ਨਵੀਂ ਦਿੱਲੀ : ਪੱਛਮੀ ਏਸ਼ੀਆ ਵਿੱਚ ਚੱਲ ਰਹੇ ਖੇਤਰੀ ਤਣਾਅ ਦੇ ਸਾਏ ਹੇਠ, ਇਸਲਾਮ ਧਰਮ ਦੀ ਪਵਿੱਤਰ ਪੰਜ ਰੋਜ਼ਾ ‘ਹੱਜ ਯਾਤਰਾ’ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਦੇਸ਼-ਵਿਦੇਸ਼ ਤੋਂ ਆਏ ਲਗਭਗ 16 ਲੱਖ ਤੋਂ ਵੱਧ ਮੁਸਲਮਾਨਾਂ ਨੇ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਤੋਂ ਮੀਨਾ (Mina) ਦੇ ਇਤਿਹਾਸਕ ਤੰਬੂਆਂ ਵਾਲੇ ਸ਼ਹਿਰ ਵੱਲ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਸ਼ਰਧਾਲੂ ਅੱਜ ਦੀ ਰਾਤ ਮੀਨਾ ਦੇ ਖੁੱਲ੍ਹੇ ਮੈਦਾਨਾਂ ਵਿੱਚ ਬਣੇ ਤੰਬੂਆਂ ਵਿੱਚ ਇਬਾਦਤ ਕਰਦਿਆਂ ਬਿਤਾਉਣਗੇ, ਜਿਸ ਤੋਂ ਬਾਅਦ ਮੰਗਲਵਾਰ ਨੂੰ ਤੜਕਸਾਰ ਹੱਜ ਦੀ ਮੁੱਖ ਰਸਮ ਅਤੇ ਪ੍ਰਾਰਥਨਾਵਾਂ ਲਈ ‘ਅਰਾਫ਼ਾਤ ਦੇ ਮੈਦਾਨਾਂ’ ਵੱਲ ਕੂਚ ਕੀਤਾ ਜਾਵੇਗਾ।
ਇਸ ਵਾਰ ਭਾਰਤ ਤੋਂ ਲਗਭਗ 1.75 ਲੱਖ ਸ਼ਰਧਾਲੂ ਇਸ ਮੁਕੱਦਸ ਯਾਤਰਾ ਵਿੱਚ ਹਿੱਸਾ ਲੈ ਰਹੇ ਹਨ। ਇਰਾਨ ਜੰਗ ਦੇ ਚਲਦਿਆਂ ਬਣੇ ਨਾਜ਼ੁਕ ਜੰਗਬੰਦੀ ਦੇ ਹਾਲਾਤ ਅਤੇ ਇਲਾਕੇ ਵਿੱਚ ਪਸਰੀ ਅਨਿਸ਼ਚਿਤਤਾ ਦੇ ਬਾਵਜੂਦ, ਅਕੀਦਤਮੰਦਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਦੇਖਣ ਨੂੰ ਮਿਲ ਰਹੀ। ਯਾਤਰਾ ਦੇ ਪਹਿਲੇ ਦਿਨ, ਮੱਕਾ ਦੀ ਗਰਮੀ ਦੀ ਪਰਵਾਹ ਕੀਤੇ ਬਿਨਾਂ ਸ਼ਰਧਾਲੂ ਮਸਜਿਦ-ਅਲ-ਹਰਾਮ ਵਿੱਚ ਪਵਿੱਤਰ ‘ਕਾਬਾ’ ਦੇ ਆਲੇ-ਦੁਆਲੇ ਪਰਿਕਰਮਾ (ਤਵਾਫ਼) ਕਰਦੇ ਨਜ਼ਰ ਆਏ। ਸ਼ਰਧਾਲੂਆਂ ਲਈ ਹੱਜ ਇੱਕ ਅਜਿਹਾ ਰੂਹਾਨੀ ਅਨੁਭਵ ਹੈ, ਜਿੱਥੇ ਉਹ ਖ਼ੁਦਾ ਦੀ ਰਹਿਮਤ ਅਤੇ ਆਪਣੇ ਪਿਛਲੇ ਗੁਨਾਹਾਂ ਦੀ ਮਾਫ਼ੀ ਲਈ ਪੂਰੀ ਸ਼ਰਧਾ ਨਾਲ ਦੁਆਵਾਂ ਮੰਗਦੇ ਹਨ।
ਮਹਿੰਗੇ ਤੇਲ ਦੀ ਮਾਰ, ਪਰ ਡਿਜੀਟਲ ਸੇਵਾਵਾਂ ਨੇ ਦਿੱਤੀ ਰਾਹਤ
ਭਾਰਤ ਵਿੱਚ, ਜਿੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਰਹਿੰਦਾ ਹੈ, ਹੱਜ ਦੀਆਂ ਤਿਆਰੀਆਂ ਆਮ ਵਾਂਗ ਹੀ ਮੁਕੰਮਲ ਕੀਤੀਆਂ ਗਈਆਂ ਸਨ, ਪਰ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਵਧੀਆਂ ਕੀਮਤਾਂ ਕਾਰਨ ਇਸ ਵਾਰ ਹਵਾਈ ਸਫ਼ਰ ਦਾ ਖ਼ਰਚਾ ਕਾਫ਼ੀ ਵਧ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ (MoMA) ਨੇ ਇਸ ਵਾਰ ਵਿਸ਼ੇਸ਼ ‘ਹੱਜ ਸੁਵਿਧਾ’ (Haj Suvidha App) ਮੋਬਾਈਲ ਐਪ ਲਾਂਚ ਕੀਤੀ ਹੈ। ਇਸ ਐਪ ਰਾਹੀਂ ਸ਼ਰਧਾਲੂਆਂ ਨੂੰ ਡਿਜੀਟਲ ਸੇਵਾਵਾਂ, ਫਲਾਈਟ ਕਨਫਰਮੇਸ਼ਨ ਅਤੇ ਐਮਰਜੈਂਸੀ ਦੌਰਾਨ ਲੋਕੇਸ਼ਨ ਟਰੈਕਿੰਗ ਵਰਗੀਆਂ ਅਹਿਮ ਸਹੂਲਤਾਂ ਮਿਲਣਗੀਆਂ।
ਮੰਤਰਾਲੇ ਨੇ ਇਸ ਯਾਤਰਾ ਨੂੰ ਕਿਫਾਇਤੀ ਬਣਾਉਣ ਲਈ ਵਿਸ਼ੇਸ਼ ਏਅਰ ਚਾਰਟਰ ਅਪਰੇਸ਼ਨਾਂ ਦਾ ਪ੍ਰਬੰਧ ਵੀ ਕੀਤਾ ਹੈ, ਤਾਂ ਜੋ ਹਵਾਈ ਕਿਰਾਏ ਦੇ ਵਾਧੇ ਨੂੰ ਘੱਟ ਤੋਂ ਘੱਟ ਰੱਖਿਆ ਜਾ ਸਕੇ। ਇਸ ਦੇ ਨਾਲ ਹੀ, ਜੈੱਦਾ (ਸਾਊਦੀ ਅਰਬ) ਸਥਿਤ ਭਾਰਤੀ ਦੂਤਾਵਾਸ (CGI) ਦੇ ਸਹਿਯੋਗ ਨਾਲ ਉੱਥੇ ਮੌਜੂਦ ਭਾਰਤੀ ਕੈਂਪਾਂ ਵਿੱਚ ਡਾਕਟਰੀ ਜਾਂਚ, ਰਹਿਣ-ਸਹਿਣ ਅਤੇ ਜ਼ਮੀਨੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਭਾਰਤੀ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕੋਈ ਦਿੱਕਤ ਨਾ ਆਵੇ।

